Connect with us

Punjab

ਭਗਵੰਤ ਮਾਨ: ਇੱਕ ਪ੍ਰਪੱਕ ਰਾਜਨੀਤਿਕ ਖਿਡਾਰੀ – ਚੁਣੌਤੀਆਂ ਦੇ ਬਾਵਜੂਦ AAP ਦਾ ਗ੍ਰਾਫ ਉੱਪਰ

Published

on

BHAGWANT MANN : ਜਦੋਂ 2022 ਵਿੱਚ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਬਹੁਤੇ ਲੋਕਾਂ ਨੇ ਇਹ ਕਹਿ ਕੇ ਅਲੋਚਨਾ ਕੀਤੀ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਪ੍ਰਪੱਕ ਸਿਆਸਤਦਾਨ ਨਹੀਂ ਹਨ। ਮੈਂ ਵੀ ਕੁੱਝ ਇਸੇ ਤਰ੍ਹਾਂ ਦੀ ਸੋਚ ਰੱਖਦਾ ਸੀ ਪਰ ਹੁਣ ਤੱਕ ਦੀ ਮਾਨ ਦੀ ਕਾਰਗੁਜ਼ਾਰੀ ਨੇ ਉਸਨੂੰ ਅਨਾੜੀ ਸਮਝਣ ਵਾਲਿਆਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਅਗਰ ਆਪਣੇ ਕਰਤੱਵ ਨੂੰ ਸੱਚੀ ਨਿਸ਼ਠਾ ਨਾਲ ਨਿਭਾਇਆ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਸਾਢੇ ਤਿੰਨ ਸਾਲਾਂ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਕਾਰਾਂ ਨੂੰ ਅਜਿਹਾ ਤਜਰਬਾ ਮੰਨਿਆ ਜਾ ਰਿਹਾ ਹੈ ਜੋ ਚੰਡੀਗੜ੍ਹ ਦੇ ਰਾਜਨੀਤਿਕ ਰਸਤੇ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਪਿਛਲੇ ਕੁੱਝ ਸਮੇਂ ਤੋਂ ਇੱਕ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ ਜਿੱਥੇ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ, ਉੱਥੇ ਹੀ AAP ਨੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੀਆਂ ਜੜਾਂ ਮਜਬੂਤ ਕੀਤੀਆਂ ਹਨ।

ਲੋਕ-ਹਿੱਤ ਸਕੀਮਾਂ ਨਾਲ ਵਿਸ਼ਵਾਸ ਬਣਾਇਆ:-

  • ਭਗਵੰਤ ਮਾਨ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦੇਣ ਵਾਲੀਆਂ ਸਕੀਮਾਂ ‘ਤੇ ਧਿਆਨ ਦਿੱਤਾ। 300 ਯੂਨਿਟ ਮੁਫਤ ਬਿਜਲੀ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਿਆ
  • ਮੁਹੱਲਾ ਕਲੀਨਿਕਾਂ ਦੀ ਸਥਾਪਨਾ ਅਤੇ ਅਧਿਆਪਕਾਂ ਦੀ ਭਰਤੀ ਆਮ ਆਦਮੀ ਪਾਰਟੀ ਦੇ ਅਜਿਹੇ ਕਾਰਜ ਹਨ ਜਿਹੜੇ ਲੋਕਾਂ ਨੂੰ ਸਰਕਾਰ ਦੀ ਸ਼ਲਾਘਾ ਕਰਨ ਲਈ ਮਜਬੂਰ ਕਰਦੇ ਹਨ ਅਤੇ ਵਚਨਬੱਧਤਾ ਦਾ ਸਬੂਤ ਦਿੰਦੇ ਹਨ।
  • ਹਾਲਾਂਕਿ ਆਰਥਿਕ ਤੰਗੀਆਂ ਅਤੇ ਕੇਂਦਰ ਨਾਲ ਸਹਿਮਤੀ ਦੀ ਕਮੀ ਵੱਡੀਆਂ ਚੁਣੌਤੀਆਂ ਰਹੀਆਂ ਹਨ ਪਰ ਮਾਨ ਨੇ ਸਰਕਾਰੀ ਅਨੁਸ਼ਾਸਨਹੀਣਤਾ ਅਤੇ ਭ੍ਰਿਸ਼ਟਾਚਾਰ ‘ਤੇ ਹੱਥ ਵਧਾਉਣ ਤੋਂ ਗੁਰੇਜ਼ ਨਹੀਂ ਕੀਤਾ। ਇਸਦੇ ਨਾਲ ਹੀ VVIP ਸੁਰੱਖਿਆ ਹਟਾਉਣ ਦੀ ਆਮ ਜਨਤਾ ਨੇ ਸ਼ਲਾਘਾ ਕੀਤੀ ਹੈ।

ਕਾਨੂੰਨ ਵਿਵਸਥਾ – ਇੱਕ ਕਮਜ਼ੋਰ ਕੜੀ

ਭਗਵੰਤ ਮਾਨ ਦੀ ਸਰਕਾਰ ਦੀ ਸਭ ਤੋਂ ਵੱਡੀ ਆਲੋਚਨਾ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਈ। ਗੈਂਗਵਾਰ, ਡਰੱਗ ਕਾਰੋਬਾਰ, ਅਤੇ ਸਖ਼ਤ ਐਕਸ਼ਨ ਦੀ ਕਮੀ ਨੇ ਵਿਰੋਧੀਆਂ ਨੂੰ ਮੌਕਾ ਦਿੱਤਾ ਕਿ ਉਹ ਮਾਨ ਸਰਕਾਰ ‘ਤੇ “ਕੱਚੀ ਪ੍ਰਸ਼ਾਸਨਿਕ ਤਜਰਬੇਕਾਰ” ਹੋਣ ਦਾ ਦੋਸ਼ ਲਗਾਉਣ ਪਰ ਇਸਦੇ ਨਾਲ ਹੀ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਨੇ ਮਾਨ ਸਰਕਾਰ ਦੀ ਸ਼ਾਖ ਨਹੀਂ ਡਿੱਗਣ ਦਿੱਤੀ। ਬਿਕਰਮ ਮਜੀਠੀਆ ਵਰਗੇ ਵੱਡੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਵੀ ਆਮ ਲੋਕਾਂ ਵਿੱਚ ਹਾਂ ਪੱਖੀ ਚਰਚਾ ਛੇੜੀ ਹੈ। ਪਾਣੀਆਂ ਦਾ ਮਾਮਲਾ:- ਪਾਣੀਆਂ ਦੇ ਮਸਲੇ ਨੂੰ ਲੈ ਜਿੱਥੇ ਹਰਿਆਣਾ ਨਾਲ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ ਉੱਥੇ ਹੀ ਮਾਨ ਨੇ ਪਿਛਲੇ ਦਿਨੀਂ ਉਸ ਵੇਲੇ ਸਰਗਰਮੀ ਦਿਖਾ ਕੇ ਪੰਜਾਬੀਆਂ ਦੇ ਮਨਾਂ ਵਿੱਚ ਜਗ੍ਹਾ ਬਣਾਈ ਜਦੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਕੀਤਾ ਸੀ ਤਾਂ ਮਾਨ ਨੇ ਖੁਦ ਨੰਗਲ ਡੈਮ ਜਾ ਕੇ ਬੋਰਡ ਦੇ ਪਾਣੀ ਦੇਣ ਦੇ ਮਨਸੂਬੇ ਅਸਫਲ ਕਰ ਦਿੱਤੇ ਸਨ।

ਇੱਕ ਹੋਰ ਮੁੱਦਾ ਮਾਨ ਸਰਕਾਰ ਦੇ ਹੱਕ ਵਿੱਚ ਜਾਂਦਾ ਹੈ ਕਿ ਇਸ ਸਾਲ ਕਿਸਾਨਾਂ ਨੇ ਝੋਨਾ ਸਮੇਂ ਸਿਰ ਲਗਾਉਣਾ ਸ਼ੁਰੂ ਕੀਤਾ ਹੈ। ਇਸ ਵਾਰ ਭਗਵੰਤ ਮਾਨ ਨੇ ਕਿਹਾ ਸੀ ਕਿ ਝੋਨਾ ਇੱਕ ਜੂਨ ਨੂੰ ਲਗਾਉਣਾ ਸ਼ੁਰੂ ਦਿੱਤਾ ਜਾਵੇਗਾ। ਕੁਦਰਤ ਨੇ ਵੀ ਮਾਨ ਦੇ ਪੱਖ ਵਿੱਚ ਆ ਕੇ ਬਰਸਾਤ ਸ਼ੁਰੂ ਕਰ ਦਿੱਤੀ ਅਤੇ ਝੋਨਾ ਲਾਉਣ ਦਾ ਕੰਮ ਇੱਕ ਜੂਨ ਤੋਂ ਹੀ ਸ਼ੁਰੂ ਹੋ ਗਿਆ।

AAP ਦਾ ਗ੍ਰਾਫ ਕਿਉਂ ਵੱਧ ਰਿਹਾ ਏ?

ਨਵਾਂ ਸਿਆਸੀ ਵਿਕਲਪ: ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਹਟ ਕੇ AAP ਨੂੰ ਇੱਕ ਨਵੀਂ ਆਸ਼ਾ ਵਜੋਂ ਦੇਖਿਆ ਸੀ ਜਿਸ ਉੱਪਰ ਭਗਵੰਤ ਮਾਨ ਖਰੇ ਉੱਤਰਦੇ ਨਜ਼ਰ ਆ ਰਹੇ ਹਨ।

ਮੁੱਦਿਆਂ ਦੀ ਰਾਜਨੀਤੀ: ਵਿਦਿਆ, ਸਿਹਤ, ਬਿਜਲੀ, ਅਤੇ ਭਰਤੀ – ਇਹ ਉਹ ਮੁੱਦੇ ਹਨ ਜੋ ਆਮ ਲੋਕਾਂ ਨੂੰ ਸਿੱਧੇ ਪ੍ਰਭਾਵਿਤ ਕਰਦੇ ਹਨ। ਮਾਨ ਦੀ ਲੋਕਪ੍ਰਿਯਤਾ:- ਮਾਨ ਦੀ ਭਾਸ਼ਾ, ਵਿਅੰਗ ਅਤੇ ਜ਼ਮੀਨੀ ਸਾਫ਼-ਸੁਥਰੀ ਛਵੀ ਨੇ ਉਨ੍ਹਾਂ ਨੂੰ ਇੱਕ ਲੋਕ-ਨਾਇਕ ਵਜੋਂ ਉਭਾਰਿਆ ਹੈ।

ਭਾਵੇਂ ਚੁਣੌਤੀਆਂ ਵੱਡੀਆਂ ਹਨ : ਡਰੱਗ ਮਾਫੀਆ, ਬੇਰੁਜ਼ਗਾਰੀ, ਕਿਸਾਨ ਮੁੱਦੇ, ਅਤੇ ਵਿੱਤੀ ਘਾਟ ਫਿਰ ਵੀ ਭਗਵੰਤ ਮਾਨ ਅਤੇ AAP ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਨੀਅਤ ਸਾਫ਼ ਹੋਵੇ, ਤਾਂ ਲੋਕ ਭਰੋਸਾ ਕਰਦੇ ਹਨ। ਭਗਵੰਤ ਮਾਨ ਹੁਣ ਇੱਕ ਪ੍ਰਪੱਕ, ਸੰਵੇਦਨਸ਼ੀਲ ਅਤੇ ਨਵੀਂ ਕਿਸਮ ਦੇ ਰਾਜਨੀਤਿਕ ਖਿਡਾਰੀ ਵਜੋਂ ਦੇਖੇ ਜਾਂਦੇ ਹਨ – ਜਿਸ ਦੀ ਸਿਆਸਤ ਮੁੱਖ ਤੌਰ ‘ਤੇ ਪਰਫਾਰਮੈਂਸ ‘ਤੇ ਆਧਾਰਿਤ ਹੈ, ਨਾ ਕਿ ਧਰਮ ਜਾਂ ਜਾਤੀ ‘ਤੇ।

ਜੇ ਭਵਿੱਖ ਵਿੱਚ ਮਾਨ ਆਪਣੀ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ, ਤਾਂ AAP ਦਾ ਗ੍ਰਾਫ ਹੋਰ ਉੱਪਰ ਜਾ ਸਕਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਕਰ ਸਕਦੀ ਹੈ।

ਕੁਲਵੰਤ ਸਿੰਘ ਗੱਗੜਪੁਰੀ