Connect with us

Uncategorized

ਲੁਧਿਆਣਾ ਛੱਤ ਡਿੱਗਣ ਦੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਆਦੇਸ਼

Published

on

captain amarinder singh ludhiana

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੁਧਿਆਣਾ ਦੇ ਡਾਬਾ ਰੋਡ ਸਥਿਤ ਬਾਬਾ ਮੁਕੰਦ ਸਿੰਘ ਨਗਰ ਵਿੱਚ ਇਕ ਫੈਕਟਰੀ ਦੀ ਛੱਤ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦਿੱਤੇ। ਇਸ ਘਟਨਾ ਵਿੱਚ ਚਾਰ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ ਹਨ। ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ‘ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਤੀ ਜੀਅ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨੂੰ ਜ਼ਖਮੀਆਂ ਦੇ ਮੁਫਤ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਮੈਜਿਸਟ੍ਰੇਟੀ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਇਸ ਸਬੰਧੀ ਦੋ ਹਫਤਿਆਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਲਾਪਰਵਾਹੀ ਲਈ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਦੁਖਦਾਇਕ ਹਾਦਸਾ ਸਵੇਰੇ 9.50 ਦੇ ਕਰੀਬ ਵਾਪਰਿਆ ਜਦੋਂ ਮੈਸਰਜ਼ ਜਸਮੇਲ ਸਿੰਘ ਤੇ ਸੰਨਜ਼ ਦੇ ਆਟੋ ਪਾਰਟ ਉਤਪਾਦਨ ਵਿੱਚ 40 ਕਾਮੇ ਕੰਮ ਕਰ ਰਹੇ ਸਨ। ਬਚਾਓ ਕਾਰਜ ਟੀਮਾਂ ਨੇ 36 ਵਿਅਕਤੀਆਂ ਨੂੰ ਮਲਬੇ ਵਿੱਚੋਂ ਸਫਲਤਾਪੂਰਵਕ ਬਚਾ ਲਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਛੇ ਵਿਅਕਤੀ ਜ਼ੇਰੇ ਇਲਾਜ ਹੈ। ਜਿਨ੍ਹਾਂ ਵਿੱਚੋਂ ਇਕ ਦੀ ਸਥਿਤੀ ਨਾਜ਼ੁਕ ਹੈ। ਮ੍ਰਿਤਕਾਂ ਦੀ ਸ਼ਨਾਖਤ ਬਿਹਾਰ ਵਾਸੀ ਮੁਸਤਕੀਨ ਤੇ ਸਾਗਰ ਕੁਮਾਰ ਅਤੇ ਲੁਧਿਆਣਾ ਵਾਸੀ ਪੀਚੂ ਤੇ ਇਮਤਿਆਜ਼ ਵਜੋਂ ਹੋਈ ਹੈ।