Connect with us

Uncategorized

ਪੰਜਾਬ ਨੇ ਅਪ੍ਰੈਲ 2021 ਵਿੱਚ 1481.83 ਕਰੋੜ ਰੁਪਏ ਦਾ ਜੀ.ਐੱਸ.ਟੀ. ਮਾਲੀਆ ਕਮਾਇਆ

Published

on

punjab cm

ਪੰਜਾਬ ਨੇ ਅਪ੍ਰੈਲ 2021 ਦੇ ਮਹੀਨੇ ਦੌਰਾਨ ਜੀਐਸਟੀ ਰਾਹੀਂ 1481.83 ਕਰੋੜ ਰੁਪਏ ਦਾ ਮਾਲੀਆ ਉਗਰਾਹਿਆ ਹੈ ਜੋ ਕਿ ਜੀਐਸਟੀ ਲਾਗੂ ਹੋਣ (ਜੁਲਾਈ, 2017) ਤੋਂ ਬਾਅਦ ਹੁਣ ਤੱਕ ਕਿਸੇ ਵੀ ਮਹੀਨੇ ਵਿੱਚ ਜੀਐਸਟੀ ਤੋਂ ਉਗਰਾਹੇ ਮਾਲੀਏ ਦੀ ਸਭ ਤੋਂ ਵੱਡੀ ਰਾਸ਼ੀ ਹੈ। ਇਸ ਤੋਂ ਪਹਿਲਾਂ ਜੁਲਾਈ, 2019 ਦੌਰਾਨ ਜੀਐਸਟੀ ਤੋਂ ਸਭ ਤੋਂ ਵੱਧ 1216 ਕਰੋੜ ਰੁਪਏ ਮਹੀਨਾਵਾਰ ਮਾਲੀਆ ਕਮਾਇਆ ਗਿਆ ਸੀ ਜਦੋਂਕਿ ਅਪ੍ਰੈਲ, 2020 ਵਿੱਚ ਜੀਐਸਟੀ ਤੋਂ ਸਿਰਫ 156 ਕਰੋੜ ਪ੍ਰਾਪਤ ਹੋਏ ਸਨ।

ਇਹ ਘੱਟ ਉਗਰਾਹੀ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਫਰਵਰੀ, ਮਾਰਚ ਅਤੇ ਅਪ੍ਰੈਲ, 2020 ਦੇ ਮਹੀਨਿਆਂ ਵਿੱਚ ਕੋਵਿਡ -19 ਅਤੇ 23 ਮਾਰਚ, 2020 ਤੋਂ ਤਾਲਾਬੰਦੀ ਕਾਰਨ ਦੇਸ਼ ਵਿੱਚ ਟੈਕਸ ਦੀ ਰਿਟਰਨ ਭਰਨ ਵਿੱਚ ਦਿੱਤੀ ਰਾਹਤ ਕਾਰਨ ਹੋਈ ਸੀ। ਦੱਸਣਯੋਗ ਹੈ ਕਿ ਅਪ੍ਰੈਲ, 2019 ਦੌਰਾਨ ਜੋ ਕਿ ਇੱਕ ਆਮ ਵਰ੍ਹਾ ਸੀ, ਸੂਬੇ ਨੂੰ ਜੀਐਸਟੀ ਤੋਂ 1087.55 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਅਪ੍ਰੈਲ, 2019 ਦੌਰਾਨ ਦੇ ਮੁਕਾਬਲੇ ਪੰਜਾਬ ਦਾ ਇਸ ਵਰੇ  ਦਾ ਮਾਲੀਆ 36 ਫੀਸਦੀ  ਵਧਿਆ ਹੈ।  ਜਿਸ ਵਿੱਚ ਟੈਲੀਕਾਮ , ਆਇਰਨ ਅਤੇ ਸਟੀਲ, ਇਲੈਕਟ੍ਰਾਨਿਕ ਸਮਾਨ, ਸੀਮਿੰਟ, ਪੈਟਰੋਲੀਅਮ ਉਤਪਾਦ (ਜੋ ਜੀਐਸਟੀ ਵਿੱਚ ਸ਼ਾਮਿਲ ਹਨ) ਵਰਗੇ ਖੇਤਰਾਂ ਨੇ ਅਹਿਮ ਭੂਮਿਕਾ ਨਿਭਾਈ।

ਇਸ ਦੌਰਾਨ ਪੰਜਾਬ ਦੇ ਟੈਕਸ ਦੇਣ ਵਾਲਿਆਂ ਨੇ 1924.10 ਕਰੋੜ ਰੁਪਏ ਦਾ ਜੀ.ਐੱਸ.ਟੀ. ਨਕਦ ਅਦਾ ਕੀਤਾ ਹੈ ਜੋ ਕਿ ਇਕ ਹੋਰ ਇਤਿਹਾਸਕ ਤੱਥ ਹੈ ਕਿਉਂਕਿ ਜੀਐਸਟੀ ਦੇ ਲਾਗੂ ਹੋਣ ਤੋਂ ਬਾਅਦ ਇਹ ਰਾਜ ਨੂੰ ਮਹੀਨਾਵਾਰ ਇਕੱਤਰ ਹੋਈ ਸਭ ਤੋਂ ਵੱਡੀ ਰਾਸ਼ੀ ਹੈ। ਪਿਛਲੇ ਸਭ ਤੋਂ ਵੱਡੀ ਰਾਸ਼ੀ ਨਵੰਬਰ, 2020 ਦੇ ਮਹੀਨੇ ਵਿਚ ਪ੍ਰਾਪਤ ਹੋਈ ਸੀ ਜੋ 1396 ਕਰੋੜ ਰੁਪਏ ਸੀ। ਜੀਐਸਟੀ ਤੋਂ ਇਲਾਵਾ ਪੰਜਾਬ, ਵੈਟ ਅਤੇ ਸੀਐਸਟੀ ਤੋਂ ਵੀ ਮਾਲੀਆ ਇਕੱਠਾ ਕਰਦਾ ਹੈ। ਜਿਸ ਵਿੱਚ ਮਨੁੱਖੀ ਖਪਤ ਵਾਲੀ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਜੋ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ , ਦਾ ਵੀ ਵੱਡਾ ਯੋਗਦਾਨ ਹੈ। ਅਪ੍ਰੈਲ, 2021 ਦੇ ਮਹੀਨੇ ਲਈ ਕੁੱਲ ਵੈਟ ਅਤੇ ਸੀਐਸਟੀ ਕੁਲੈਕਸ਼ਨ 701.13 ਕਰੋੜ ਰੁਪਏ ਹੈ  ਜਦਕਿ ਸਾਲ 2019 ਵਿਚ ਇਸੇ ਮਹੀਨੇ ਵਿੱਚ ਇਹ ਰਾਸ਼ੀ 430.82 ਕਰੋੜ ਰੁਪਏ ਸੀ ਜੋ ਕਿ ਲਗਭਗ 63% ਦੀ ਵਾਧਾ ਦਰ ਦਰਸਾਉਂਦੀ ਹੈ। ਪੰਜਾਬ ਰਾਜ ਵਿਕਾਸ ਟੈਕਸ (ਐੱਸ. ਪੀ. ਐੱਸ. ਟੀ.) ਦੀ ਉਗਰਾਹੀ  ਸਥਿਰ ਹੈ ਕਿਉਂਕਿ ਸਾਲ 2019 ਵਿਚ ਅਪ੍ਰੈਲ ਮਹੀਨੇ ਦੀ 13.86 ਕਰੋੜ ਦੇ ਮੁਕਾਬਲੇ ਅਪ੍ਰੈਲ 2021 ਵਿਚ ਰਾਜ ਨੇ ਪੀ.ਐੱਸ.ਡੀ.ਟੀ. ਦੇ 13.83 ਕਰੋੜ ਰੁਪਏ ਕਮਾਏ ਸਨ।