Punjab
ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ, ਰੋਜਗਾਰ ਅਤੇ ਸਮਾਨਤਾ ਦਾ ਦਰਜਾ ਦਵਾਉਣ ਲਈ ਵਚਨਵੱਧ – ਰਜੀਆ ਸੁਲਤਾਨਾ
ਚੰਡੀਗੜ/ਮਾਲੇਰਕੋਟਲਾ,
ਸਾਲ 2021-22 ਦਾ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਦਿਹਾੜਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਸਥਾਨਕ ਉਰਦੂ ਅਕੈਡਮੀ ਵਿਖੇ ਮਨਾਇਆ ਗਿਆ। ਅਜਿਹੇ ਪ੍ਰੋਗਰਾਮ ਹਰੇਕ ਜਲਿਾ ਪੱਧਰ ‘ਤੇ ਵੀ ਮਨਾਏ ਗਏ, ਜਿਸ ਵਿੱਚ ਦਿਵਿਆਂਗ ਵਿਅਕਤੀਆਂ ਲਈ ਮੈਡੀਕਲ ਕੈਂਪ/ਯੂ.ਡੀ.ਆਈ.ਡੀ ਕੈਂਪ ਆਯੋਜਿਤ ਕੀਤੇ ਗਏ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਰਜੀਆ ਸੁਲਤਾਨਾ ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੀਮਤੀ ਰਾਜੀ.ਪੀ.ਸ਼੍ਰੀਵਾਸਤਵਾ, ਆਈ.ਏ.ਐਸ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਇਸ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੇ ਦਿਵਿਆਂਗ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਬਨਾਉਟੀ ਅੰਗ ਵੀ ਦਾਨ ਕੀਤੇ ਗਏ।
ਸੰਬੋਧਨ ਦੌਰਾਨ ਰਜੀਆ ਸੁਲਤਾਨਾ ਵੱਲੋਂ ਸਮੂਹ ਪੰਜਾਬੀਆਂ ਨੂੰ ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਦੇ ਮੌਕੇ ਤੇ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਰਾਜ ਵਿੱਚ ਦਿਵਿਆਂਗਜਨਾਂ ਦੀ ਭਲਾਈ, ਉਹਨਾਂ ਲਈ ਰੋਜਗਾਰ ਅਤੇ ਸਮਾਨਤਾ ਦਾ ਦਰਜਾ ਦਵਾਉਣ ਲਈ ਵਚਨਵੱਧ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕਈ ਸਕੀਮਾਂ ਚਲਾ ਰਿਹਾ ਹੈ, ਇਹਨਾਂ ਵੱਖ ਵੱਖ ਸਕੀਮਾਂ ਦੇ ਲਾਭ ਦਿਵਿਆਂਗ ਵਿਅਕਤੀਆਂ ਨੂੰ ਮਿਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਹਨਾਂ ਵਿਅਕਤੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਉਹਨਾਂ ਦੇ ਸਰਬਪੱਖੀ ਵਿਕਾਸ ਅਤੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾਂ ਵਿੱਚ ਲਿਆਉਣ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ।
ਉਹਨਾਂ ਇਸ ਖੇਤਰ ਵਿੱਚ ਕੰਮ ਕਰਦੀ ਐਨ ਜੀ ਓ ਅਲਿਮਕੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋਂ ਮੁਫਤ ਅੰਗ ਦੇਣ ਦਾ ਉਪਰਾਲਾ ਬਹੁਤ ਵਧੀਆ ਹੈ। ਉਹਨਾਂ ਸੰਸਥਾ ਨੂੰ ਮਾਲੇਰਕੋਟਲਾ ਵਿੱਚ ਵਿਸੇਸ ਕੈਂਪ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਇਲਾਕੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲ ਸਕੇ। ਉਹਨਾਂ ਕਿਹਾ ਕਿ ਇਹ ਇੱਕ ਪੁੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਦਿਵੀਆਂਗ ਲੋਕਾਂ ਉੱਤੇ ਮਾਲਕ ਦੀ ਵਿਸੇਸ ਕਿਰਪਾ ਹੁੰਦੀ ਹੈ। ਵਧੇਰੇ ਊਰਜਾ ਹੁੰਦੀ ਹੈ। ਪੰਜਾਬ ਸਰਕਾਰ ਹਮੇਸਾਂ ਇਹਨਾਂ ਨਾਲ ਹੈ। ਇਹਨਾਂ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਵਿਭਾਗ ਦੇ ਡਾਇਰੈਕਟਰ, ਡੀ.ਪੀ.ਐਸ ਖਰਬੰਦਾ, ਆਈ.ਏ.ਐਸ ਅਤੇ ਦਿਵਿਆਂਗਤਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਹੋਰ ਬੁੱਧੀਜੀਵੀਆਂ ਵੱਲੋਂ ਭਾਗ ਲਿਆ ਗਿਆ। ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਵਿਭਾਗ ਦੇ ਡਾਇਰੈਕਟਰ ਵੱਲੋਂ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਸਕੱਤਰ ਦੇ ਨਾਲ-ਨਾਲ ਦਾ ਸਮਾਰੋਹ ਵਿੱਚ ਮੌਜੂਦ ਸਮੂਹ ਸੰਸਥਾਵਾਂ, ਬੁੱਧੀਜੀਵੀਆਂ ਅਤੇ ਹੋਰ ਮੈਂਬਰਾਂ ਦਾ ਇਸ ਸਮਾਰੋਹ ਵਿੱਚ ਭਾਗ ਲੈਣ ਤੇ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਪ੍ਰਮੁੱਖ ਸਕੱਤਰ, ਸਮਾਜਿਕ ਸੁਰੱਖਿਆ ਵੱਲੋਂ ਦੱਸਿਆ ਗਿਆ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ, ਅੱਜ ਦਾ ਦਿਨ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਉਤਸ਼ਾਹਤ ਕਰਨ ਅਤੇ ਉਹਨਾਂ ਵਿੱਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੇ ਸਾਰੇ ਪਹਿਲੂਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਦਿਨ ਹੈ। ਅੱਜ ਦਾ ਦਿਨ ਇਸ ਵਿਭਾਗ ਦੀ ਇਹ ਵਚਨਬੱਧਤਾ ਵੀ ਦਰਸਾਉਦਾ ਹੈ ਕਿ ਇਹ ਵਰਗ ਸਮਾਜ ਦੀ ਹਰ ਗਤੀਵਿਧੀ ਦਾ ਭਾਗੀਦਾਰ ਬਣੇ ਅਤੇ ਹਮੇਸਾਂ ਆਪਣੇ ਅਧਿਕਾਰਾਂ ਲਈ ਜਾਗਰੂਕ ਰਹੇ । ਇਸ ਉਪਰੰਤ ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਔਰਤ ਸਸ਼ਕਤੀਕਰਨ ਸਬੰਧੀ ਇੰਮਪਰੂਵਮੈਂਟ ਟਰੱਸਟ ਮਾਰਕੀਟ ਵਿਖੇ ਬੀਬੀਆਂ ਦੀ ਦੁਕਾਨ (ਰੂਰਲ ਹਾਟ) ਦਾ ਵੀ ਉਦਘਾਟਨ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ , ਐਸ.ਡੀ.ਐਮ. ਮਲੇਰਕੋਟਲਾ ਜਸਬੀਰ ਸਿੰਘ , ਜ਼ਿਲਾ ਸਮਾਜਿਕ ਸੁਰਖਿਆ ਅਫ਼ਸਰ ਮਲੇਰਕੋਟਲਾ ਲਵਲੀਨ ਬਲਿੰਗ, ਡੀ.ਪੀ.ਓ. ਗਗਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਹਾਜ਼ਰ ਸਨ ।
Continue Reading