Connect with us

Punjab

ਪੰਜਾਬ ਸਰਕਾਰ ਪੋਲਟਰੀ ਦੇ ਗ੍ਰੋਇੰਗ ਚਾਰਜਿਜ਼ ‘ਚ ਵਾਧਾ ਕਰਨ ‘ਤੇ ਕਰੇਗੀ ਵਿਚਾਰ: ਲਾਲਜੀਤ ਸਿੰਘ ਭੁੱਲਰ

Published

on

  • ਪਸ਼ੂ ਪਾਲਣ ਮੰਤਰੀ ਨੇ ਕੰਟਰੈਕਟ ਬਰਾਇਲਰ ਫ਼ਾਰਮਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਇਆ
  • ਕਿਹਾ, ਹੋਰ ਜਾਇਜ਼ ਮੰਗਾਂ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੰਟਰੈਕਟ ਬਰਾਇਲਰ ਫ਼ਾਰਮਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਸਰਕਾਰ ਪੋਲਟਰੀ ਲਈ ਗ੍ਰੋਇੰਗ ਚਾਰਜਿਜ਼ ਵਿੱਚ ਵਾਧਾ ਕਰਨ ਲਈ ਵਿਚਾਰ ਕਰੇਗੀ।

ਪੰਜਾਬ ਭਵਨ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਬਰਾਇਲਰ ਫ਼ਾਰਮਰਾਂ, ਜੋ ਵੱਖੋ-ਵੱਖਰੀਆਂ ਪੋਲਟਰੀ ਕੰਪਨੀਆਂ ਨਾਲ ਬਰਾਇਲਰ ਕੰਟਰੈਕਟ ਫ਼ਾਰਮਿੰਗ ਕਰ ਰਹੇ ਹਨ, ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਹਿੰਗਾਈ ਦੇ ਇਸ ਦੌਰ ਵਿੱਚ ਹਰ ਵਰਗ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੀ ਹੈ। ਇਸ ਲਈ ਉਨ੍ਹਾਂ ਨੂੰ ਕੰਪਨੀਆਂ ਵੱਲੋਂ ਚੂਚੇ ਤੋਂ ਮੁਰਗਾ ਬਣਨ ਤੱਕ ਦੇ ਦਿੱਤੇ ਜਾਂਦੇ ਗ੍ਰੋਇੰਗ ਚਾਰਜਿਜ਼ ਵਿੱਚ ਵਾਧਾ ਕਰਨ ਦਾ ਮੁੱਦਾ ਉਹ ਮੁੱਖ ਮੰਤਰੀ ਸ. ਭਗਵੰਤ ਮਾਨ ਕੋਲ ਉਠਾਉਣਗੇ। ਸ. ਭੁੱਲਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਕਾਰਵਾਈ ਉਲੀਕਣ ਤਾਂ ਜੋ ਇਸ ਨੂੰ ਛੇਤੀ ਤੋਂ ਛੇਤੀ ਅਮਲ ਵਿੱਚ ਲਿਆਂਦਾ ਜਾ ਸਕੇ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਪੋਲਟਰੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਲਾਗਤ ਦਾ ਬਣਦਾ ਮੁੱਲ ਮਿਲਣਾ ਯਕੀਨੀ ਬਣਾਇਆ ਜਾਵੇਗਾ।

ਬਰਾਇਲਰ ਫ਼ਾਰਮਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਬਰਾਇਲਰ ਕੰਟਰੈਕਟ ਫ਼ਾਰਮਿੰਗ ਦੇ ਕਿੱਤੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਬਰਾਇਲਰ ਫ਼ਾਰਮਰਜ਼ ਵੱਲੋਂ ਆਪਣੀਆਂ ਹੋਰਨਾਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਣ ‘ਤੇ ਸ. ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਹੋਰ ਜਾਇਜ਼ ਮੰਗਾਂ ਵੀ ਛੇਤੀ ਹੱਲ ਕੀਤੀਆਂ ਜਾਣਗੀਆਂ।

ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮਪਾਲ ਮਿੱਤਲ, ਸੰਯੁਕਤ ਡਾਇਰੈਕਟਰ ਡਾ. ਰਣਬੀਰ ਕੁਮਾਰ ਸ਼ਰਮਾ ਅਤੇ ਡਾ. ਜੀ.ਐਸ. ਬੇਦੀ ਅਤੇ ਡਿਪਟੀ ਡਾਇਰੈਕਟਰ (ਪੋਲਟਰੀ) ਡਾ. ਜਸਵਿੰਦਰਪਾਲ ਕੌਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਕੁਲਦੀਪ ਸਿੰਘ ਵੀ ਹਾਜ਼ਰ ਸਨ।
————-