Uncategorized
ਅਸ਼ਲੀਲ ਵੀਡੀਓ ਮਾਮਲੇ ‘ਚ ਰਾਜ ਕੁੰਦਰਾ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਰਾਹਤ
ਮੁੰਬਈ : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ (Raj Kundra) ਨੂੰ ਅਸ਼ਲੀਲ ਵੀਡੀਓ ਮਾਮਲੇ ‘ਚ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਰਾਜ ਕੁੰਦਰਾ ਨੂੰ ਅੰਤਰਿਮ ਰਾਹਤ ਦਿੱਤੀ ਹੈ। ਉਸ ਦੀ ਜ਼ਮਾਨਤ ਦੀ ਸੁਣਵਾਈ 25 ਅਗਸਤ ਤੱਕ ਲਈ ਰਾਖਵੀਂ ਰੱਖੀ ਗਈ ਹੈ।
ਦੱਸ ਦਈਏ ਕਿ 19 ਜੁਲਾਈ ਨੂੰ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਅਪਲੋਡ ਕਰਨ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੌਰਾਨ ਪੁਲਿਸ ਨੇ 11 ਹੋਰ ਲੋਕਾਂ ਉੱਤੇ ਵੀ ਸ਼ਿਕੰਜਾ ਕਸਿਆ ਸੀ।
ਰਾਜ ਕੁੰਦਰਾ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਦੀ ਮੰਗ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਿਛਲੀ ਵਾਰ ਉਸ ਦੀ ਜ਼ਮਾਨਤ ਪਟੀਸ਼ਨ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਸੀ, ਜਿਸ ਦੇ ਫੈਸਲੇ ਵਿਰੁੱਧ ਰਾਜ ਕੁੰਦਰਾ ਨੇ ਹਾਈ ਕੋਰਟ ਤੋਂ ਰਾਹਤ ਦੀ ਅਪੀਲ ਕੀਤੀ ਸੀ।
ਰਾਜ ਕੁੰਦਰਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਸਾਈਬਰ ਪੁਲਿਸ ਵੱਲੋਂ ਪਿਛਲੇ ਸਾਲ ਦਰਜ ਕੀਤੀ ਐਫਆਈਆਰ ਵਿੱਚ ਉਸ ਦਾ ਨਾਂ ਸ਼ਾਮਲ ਨਹੀਂ ਸੀ। ਇਸ ਦੇ ਨਾਲ ਹੀ ਅਪਰਾਧ ਸ਼ਾਖਾ ਨੇ ਰਾਜ ਕੁੰਦਰਾ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ ਸੀ ਕਿ ਰਾਜ ਬ੍ਰਿਟਿਸ਼ ਨਾਗਰਿਕ ਹੈ ਅਤੇ ਜ਼ਮਾਨਤ ਮਿਲਦੇ ਹੀ ਵਿਦੇਸ਼ ਭੱਜ ਸਕਦਾ ਹੈ। ਪਰ ਹੁਣ ਅਦਾਲਤ ਨੇ ਉਸ ਨੂੰ ਅੰਤਰਿਮ ਰਾਹਤ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ 25 ਅਗਸਤ ਨੂੰ ਇਸ ਮਾਮਲੇ ਵਿੱਚ ਅਦਾਲਤ ਦਾ ਕੀ ਫੈਸਲਾ ਆਉਂਦਾ ਹੈ।