Punjab
ਇਸ ਦਿਨ ਹੋਵੇਗੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ
ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਜੋ ਕਿ 8 ਅਕਤੂਬਰ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਹੁਣ ਉਨ੍ਹਾਂ ਪਰਿਵਾਰ ਵੱਲੋਂ ਗਾਇਕ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਭਾਵੁਕ ਪੋਸਟ ਪਾਈ ਗਈ ਹੈ, ਜਿਸ ਵਿਚ ਰਾਜਵੀਰ ਦੀ ਅੰਤਿਮ ਅਰਦਾਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਹ ਪੋਸਟ ਵੇਖਣ ਮਗਰੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਪੋਸਟ ਵਿਚ ਲਿਖਿਆ ਹੈ, ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਅਤੇ ਤੁਹਾਡੇ ਸਭ ਦੇ ਹਰਮਨ ਪਿਆਰੇ ਰਾਜਵੀਰ ਸਿੰਘ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 8 ਅਕਤੂਬਰ 2025 (ਬੁੱਧਵਾਰ) ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 17 ਅਕਤੂਬਰ 2025, ਦਿਨ ਸ਼ੁੱਕਰਵਾਰ, ਸਮਾਂ: 11 ਵਜੇ ਤੋਂ 1 ਵਜੇ ਤੱਕ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਦੇ ਪਿੰਡ ਪੋਨਾ ਵਿਖੇ ਹੋਵੇਗੀ। ਸਾਡੀ ਬੇਨਤੀ ਹੈ ਕਿ ਤੁਸੀਂ ਸਮਾਂ ਕੱਢ ਕੇ ਹਾਜ਼ਰੀ ਭਰੋ ਤੇ ਰੂਹਾਨੀ ਅਰਦਾਸ ਵਿਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ।
ਜ਼ਿਕਰਯੋਗ ਹੈ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ‘ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟੱਕਰ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਚੱਲੇ ਇਲਾਜ ਦੇ ਬਾਵਜੂਦ ਅਖੀਰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ…
