World
ਕਾਂਗੋ ਗਣਰਾਜ ਚਰਚ ਧਮਾਕਾ: ਜਾਣਕਾਰੀ ਮੁਤਾਬਿਕ ਹੁਣ ਤੱਕ 17 ਦੀ ਮੌਤ ਤੇ 20 ਗੰਭੀਰ ਜ਼ਖ਼ਮੀ

ਕਾਂਗੋ ਦੇ ਲੋਕਤੰਤਰੀ ਗਣਰਾਜ (ਡੀਆਰਸੀ) ਚ ਇਕ ਚਰਚ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। 20 ਲੋਕ ਗੰਭੀਰ ਜ਼ਖਮੀ ਹਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ISIS ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਬੁਲਾਰੇ ਪੈਟਰਿਕ ਮੁਈਆ ਨੇ ਇਸ ਧਮਾਕੇ ਪਿੱਛੇ ਆਈਐਸਆਈਐਸ ਦੇ ਸਹਿਯੋਗੀ ਸੰਗਠਨ ਅਲਾਇਡ ਡੈਮੋਕ੍ਰੇਟਿਕ ਫੋਰਸ (ਏਡੀਐਫ) ਦੇ ਹੱਥ ਹੋਣ ਦੀ ਸੰਭਾਵਨਾ ਜਤਾਈ ਸੀ।
ਜਦੋਂ ਇਹ ਧਮਾਕਾ ਹੋਇਆ, ਉਸ ਸਮੇਂ ਕਸਿੰਡੀ ਟਾਊਨ ਦੇ ਇਕ ਚਰਚ ਵਿਚ ਪ੍ਰਾਰਥਨਾ ਲਈ ਲੋਕ ਇਕੱਠੇ ਹੋਏ ਸਨ। ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਦੇ ਰਾਸ਼ਟਰਪਤੀ ਫੇਲਿਕਸ ਐਂਟੋਇਨ ਨੇ ਕਿਹਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ।ਦੱਸ ਦੇਈਏ ਫੇਲਿਕਸ 2018 ਤੋਂ ਕਾਂਗੋ ਦੇ ਰਾਸ਼ਟਰਪਤੀ ਹਨ।
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ 2022 ਵਿਚ ਕਾਂਗੋ ਵਿਚ 370 ਤੋਂ ਵੱਧ ਲੋਕ ADF ਹਮਲਿਆਂ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਸੈਂਕੜੇ ਲੋਕ ਅਗਵਾ ਵੀ ਹੋਏ ਹਨ।
ਦੱਸ ਦੇਈਏ ਅਫਰੀਕਾ ਮਹਾਂਦੀਪ ਦੇ ਇਸ ਦੇਸ਼ ਵਿਚ ਤਾਂਬਾ ਅਤੇ ਕੋਬਾਲਟ ਵਰਗੇ ਖਣਿਜਾਂ ਦੀ ਵੱਡੀ ਮਾਤਰਾ ਹੈ ਪਰ ਉਥੋਂ ਦੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਅਤੇ ਸਿਆਸੀ ਅਸਥਿਰਤਾ ਕਾਰਨ ਦੇਸ਼ ਸੰਕਟ ਵਿਚ ਘਿਰਿਆ ਹੋਇਆ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਜਰਤ ਕਰਨੀ ਪਈ ਹੈ। ਕਾਂਗੋ ਦੁਨੀਆ ਦੇ ਪੰਜ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਹੈ। ਇੱਥੋਂ ਦੇ 64 ਫੀਸਦੀ ਲੋਕ ਇਕ ਦਿਨ ਵਿਚ 200 ਰੁਪਏ ਵੀ ਕਮਾਉਣ ਦੇ ਅਸਮਰੱਥ ਹਨ।