Connect with us

Punjab

ਆਰ ਐੱਸ ਐੱਸ ਸਹੀ ਟਰੈਕ ‘ਤੇ ਆਈ ਤੇ ਪੰਜਾਬ ਦੇ ਕਾਂਗਰਸੀ ਲੀਹੋਂ ਲੱਥੇ ! 

Published

on

ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਬਾਰੇ ਦਿੱਤਾ ਗਿਆ ਤਾਜ਼ਾ ਬਿਆਨ ਮੌਜੂਦਾ ਸਿਆਸੀ ਅਤੇ ਸਮਾਜਿਕ ਪ੍ਰਸੰਗ ਵਿੱਚ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਅਤੇ ਹਿੰਦੂਆਂ ਵਿਚ ਰੋਟੀ-ਬੇਟੀ ਦਾ ਰਿਸ਼ਤਾ ਹੈ, ਪਰ ਇਸਦੇ ਨਾਲ ਹੀ ਇਹ ਵੀ ਕਿਹਾ ਕਿ ਸਿੱਖ ਇੱਕ ਵੱਖਰਾ ਧਰਮ ਹੈ ਅਤੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਹ ਗੱਲ ਇਸ ਲਈ ਵੀ ਧਿਆਨਯੋਗ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਆਰ ਐੱਸ ਐੱਸ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਰਹੀ ਕਿ ਸਿੱਖ ਧਰਮ ਹਿੰਦੂ ਧਰਮ ਦੀ ਇੱਕ ਸ਼ਾਖਾ ਹੈ। ਵੱਖਰਾ ਧਰਮ ਨਹੀਂ ਹੈ।ਇਸ ਮੱਦੇਨਜ਼ਰ ਭਾਗਵਤ ਦਾ ਇਹ ਬਿਆਨ ਇੱਕ ਤਬਦੀਲੀ ਦਾ ਸੰਕੇਤ ਮੰਨਿਆ ਜਾ ਸਕਦਾ ਹੈ, ਜੋ ਘੱਟੋ-ਘੱਟ ਭਾਸ਼ਾਈ ਅਤੇ ਰਵੱਈਏ ਦੇ ਪੱਧਰ ‘ਤੇ ਇੱਕ ਨਵਾਂ ਸੁਨੇਹਾ ਦਿੰਦਾ ਹੈ।

ਇਸ ਬਿਆਨ ਦੀ ਅਹਿਮੀਅਤ ਪੰਜਾਬ ਦੀ ਸਿਆਸਤ ਦੇ ਸੰਦਰਭ ਵਿੱਚ ਹੋਰ ਵੀ ਵੱਧ ਜਾਂਦੀ ਹੈ। ਭਾਜਪਾ ਨੂੰ ਪੰਜਾਬ ਵਿੱਚ ਹਮੇਸ਼ਾਂ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਇਸਦਾ ਮੁੱਖ ਕਾਰਨ ਇਹ ਧਾਰਨਾ ਰਹੀ ਕਿ ਭਾਜਪਾ ਦੀ ਵਿਚਾਰਧਾਰਾ ਉੱਤੇ ਆਰ ਐੱਸ ਐੱਸ ਦਾ ਪ੍ਰਭਾਵ ਹੈ ਅਤੇ ਆਰ ਐੱਸ ਐੱਸ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਸਵੀਕਾਰ ਨਹੀਂ ਕਰਦੀ। ਇਸ ਧਾਰਨਾ ਨੇ ਪੰਜਾਬ ਦੇ ਸਿੱਖ ਵੋਟਰਾਂ ਵਿੱਚ ਇੱਕ ਮਨੋਵਿਗਿਆਨਕ ਦੂਰੀ ਪੈਦਾ ਕੀਤੀ, ਜਿਸ ਕਰਕੇ ਭਾਜਪਾ ਲਈ ਵੱਡੇ ਪੱਧਰ ‘ਤੇ ਸਿੱਖਾਂ ਦਾ ਸਮਰਥਨ ਪ੍ਰਾਪਤ ਕਰਨਾ ਮੁਸ਼ਕਲ ਰਿਹਾ। ਹੁਣ ਜਦੋਂ ਆਰ ਐੱਸ ਐੱਸ ਮੁਖੀ ਖੁਦ ਇਹ ਗੱਲ ਕਹਿ ਰਹੇ ਹਨ ਕਿ ਸਿੱਖ ਇੱਕ ਵੱਖਰਾ ਧਰਮ ਹੈ ਤਾਂ ਇਹ ਸੰਭਵ ਹੈ ਕਿ ਭਾਜਪਾ ਇਸਨੂੰ ਇੱਕ ਨਵੇਂ ਸਿਆਸੀ ਸੰਦੇਸ਼ ਵਜੋਂ ਵਰਤੇ ਅਤੇ ਪੰਜਾਬ ਵਿੱਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰੇ।
ਇਹ ਵੀ ਦੇਖਣਯੋਗ ਹੈ ਕਿ ਭਾਜਪਾ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਲੰਬੀ ਰਣਨੀਤੀ ਦੇ ਤਹਿਤ ਕੰਮ ਕਰ ਰਹੀ ਹੈ। ਪਾਰਟੀ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ, ਵੱਖ-ਵੱਖ ਵਰਗਾਂ ਨਾਲ ਸੰਪਰਕ ਵਧਾਉਣ ਅਤੇ ਨਵੇਂ ਚਿਹਰੇ ਅੱਗੇ ਲਿਆਂਦੇ ਜਾਣ ‘ਤੇ ਧਿਆਨ ਦੇ ਰਹੀ ਹੈ। ਪਾਰਟੀ ਅੰਦਰ ਅਨੁਸ਼ਾਸਨ ਦਾ ਪੱਧਰ ਵੀ ਹੋਰ ਪਾਰਟੀਆਂ ਨਾਲੋਂ ਮਜ਼ਬੂਤ ਦਿਖਾਈ ਦਿੰਦਾ ਹੈ, ਜਿਸ ਕਾਰਨ ਆਗੂਆਂ ਵੱਲੋਂ ਬੇਲਗਾਮ ਬਿਆਨਬਾਜ਼ੀ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਇਸਦੇ ਉਲਟ ਪੰਜਾਬ ਕਾਂਗਰਸ ਦੀ ਸਥਿਤੀ ਕਾਫੀ ਬਿਖਰੀ ਹੋਈ ਦਿਖਾਈ ਦੇ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਆ ਰਹੇ ਵਿਵਾਦਿਤ ਬਿਆਨ ਇਹ ਦਰਸਾਉਂਦੇ ਹਨ ਕਿ ਨਾ ਤਾਂ ਪਾਰਟੀ ਵਿੱਚ ਕੋਈ ਸਾਂਝੀ ਲਕੀਰ ਨਜ਼ਰ ਆ ਰਹੀ ਹੈ ਅਤੇ ਨਾ ਹੀ ਕੋਈ ਅਜਿਹਾ ਮਕੈਨਿਜ਼ਮ ਦਿਖਾਈ ਦਿੰਦਾ ਹੈ ਜੋ ਆਗੂਆਂ ਨੂੰ ਇੱਕ ਨੀਤੀਗਤ ਢਾਂਚੇ ਵਿੱਚ ਰੱਖ ਸਕੇ। ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪ ਆਗੂ ਈ.ਟੀ.ਓ. ਹਰਭਜਨ ਸਿੰਘ ਬਾਰੇ ਕੀਤੀ ਗਈ ਟਿੱਪਣੀ ਨੂੰ ਕਿਰਤੀ ਅਤੇ ਦਲਿਤ ਵਰਗ ਵਿਰੁੱਧ ਸਮਝਿਆ ਗਿਆ ਅਤੇ ਇਸ ਨਾਲ ਕਾਂਗਰਸ ਦੀ ਛਵੀ ਨੂੰ ਨੁਕਸਾਨ ਪਹੁੰਚਿਆ। ਬਾਜਵਾ ਨੇ ਕਿਹਾ ਹੈ ਕਿ ਹਰਭਜਨ ਸਿੰਘ ਪਹਿਲਾਂ ਬੈਂਡ ਵਜਾਉਂਦਾ ਰਿਹਾ ਹੈ ਅਤੇ ਜਦੋ ਸਾਡੀ ਸਰਕਾਰ ਆਈ ਤੇ ਅਸੀਂ ਇਸਦਾ ਬੈਂਡ ਵਜਾਵਾਂਗੇ ਇਸ ਤੋਂ ਪਹਿਲਾਂ ਉਹ ਲਾਭ ਸਿੰਘ ਉੱਗੋਕੇ ਵਰਗੇ ਆਮ ਪਰਿਵਾਰਾਂ ਵਿੱਚੋਂ ਉੱਭਰੇ ਨੇਤਾਵਾਂ ਦਾ ਮਜ਼ਾਕ ਉਡਾ ਚੁੱਕੇ ਹਨ, ਜਿਸ ਨਾਲ ਇਹ ਸੰਦੇਸ਼ ਗਿਆ ਕਿ ਪਾਰਟੀ ਆਮ ਵਰਗਾਂ ਦੇ ਉਥਾਨ ਦੀ ਬਜਾਇ ਉਨ੍ਹਾਂ ਦਾ ਮਜ਼ਾਕ ਉਡਾ ਰਹੀ ਹੈ।
ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ . ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਬਾਰੇ ਕੀਤੀਆਂ ਜਾਤੀ ਸੰਬੰਧੀ ਟਿੱਪਣੀਆਂ ਨੇ ਵੀ ਐੱਸ ਸੀ ਅਤੇ ਬੀ ਸੀ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਕੀਤੀ ਸੀ। ਪੰਜਾਬ ਦੀ ਸਿਆਸਤ ਵਿੱਚ ਦਲਿਤ ਅਤੇ ਪਿੱਛੜੇ ਵਰਗਾਂ ਦੀ ਵੱਡੀ ਭੂਮਿਕਾ ਹੈ ਅਤੇ ਅਜਿਹੇ ਬਿਆਨ ਚੁਣਾਵੀ ਪੱਖੋਂ ਵੀ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ।
ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਕੀਤਾ ਗਿਆ ਉਹ ਦਾਅਵਾ ਵੀ ਕਾਫੀ ਚਰਚਾ ਵਿੱਚ ਰਿਹਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਸਮੇਂ ਕੁਝ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਧਮਾਕੇ ਕਰਵਾਉਣ ਵਰਗੀਆਂ ਗੱਲਾਂ ਕਹੀਆਂ ਸਨ। ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲਿਆਂ ਬਾਰੇ ਬਿਆਨ ਦੇਣ ਨਾਲ ਲੋਕਾਂ ਵਿੱਚ ਸਿਰਫ਼ ਹੈਰਾਨੀ ਹੀ ਨਹੀਂ ਪੈਦਾ ਹੁੰਦੀ, ਸਗੋਂ ਸਰਕਾਰੀ ਪ੍ਰਣਾਲੀ ਉੱਤੇ ਭਰੋਸੇ ਨੂੰ ਵੀ ਝਟਕਾ ਲੱਗਦਾ ਹੈ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸ ਅੰਦਰ ਦਲਿਤਾਂ ਨਾਲ ਵਿਤਕਰੇ ਦੀ ਗੱਲ ਕਰਨਾ ਵੀ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਵਿਰੋਧੀਆਂ ਨੂੰ ਹਮਲੇ ਦਾ ਮੌਕਾ ਦਿੰਦਾ ਹੈ।
ਇਹ ਸਾਰੇ ਘਟਨਾਕ੍ਰਮ ਮਿਲ ਕੇ ਇਹ ਤਸਵੀਰ ਪੇਸ਼ ਕਰਦੇ ਹਨ ਕਿ ਪੰਜਾਬ ਕਾਂਗਰਸ ਦੇ ਅੰਦਰ ਨਾ ਤਾਂ ਸਾਂਝੀ ਰਣਨੀਤੀ ਨਜ਼ਰ ਆ ਰਹੀ ਹੈ ਅਤੇ ਨਾ ਹੀ ਕੋਈ ਇਕਜੁੱਟ ਨੇਤ੍ਰਿਤਵ। ਹਰ ਆਗੂ ਆਪਣੀ ਵੱਖਰੀ ਲਕੀਰ ਖਿੱਚਦਾ ਦਿਖਾਈ ਦੇ ਰਿਹਾ ਹੈ। ਰਾਜਨੀਤੀ ਵਿੱਚ ਸਿਰਫ਼ ਵਿਰੋਧ ਕਰਨਾ ਹੀ ਕਾਫੀ ਨਹੀਂ ਹੁੰਦਾ; ਸੰਦੇਸ਼ ਦੀ ਸਪਸ਼ਟਤਾ, ਬੋਲਚਾਲ ਵਿੱਚ ਸੰਯਮ ਅਤੇ ਲੋਕਾਂ ਦੇ ਮੁੱਖ ਮਸਲਿਆਂ ‘ਤੇ ਕੇਂਦ੍ਰਿਤ ਰਹਿਣਾ ਵੀ ਉਤਨਾ ਹੀ ਜ਼ਰੂਰੀ ਹੁੰਦਾ ਹੈ।
ਪੰਜਾਬ ਦੀ ਸਿਆਸਤ ਇਸ ਵੇਲੇ ਬਦਲਾਅ ਦੇ ਦੌਰ ਵਿੱਚ ਹੈ। ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਆਪਣੇ ਕੰਮਕਾਜ ਦੇ ਆਧਾਰ ‘ਤੇ ਲੋਕਾਂ ਕੋਲ ਜਾ ਰਹੀ ਹੈ। ਅਕਾਲੀ ਦਲ ਬਾਦਲ ਆਪਣੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਅਕਾਲੀ ਦਲ ਪੁਨਰ ਸੁਰਜੀਤ ਵਰਗੇ ਨਵੇਂ ਜਾਂ ਛੋਟੇ ਧੜੇ ਵੀ ਆਪਣੀ ਥਾਂ ਬਣਾਉਣ ਦੀ ਜਦੋਜਹਿਦ ਵਿੱਚ ਹਨ। ਭਾਜਪਾ ਲੰਬੀ ਰਣਨੀਤੀ ਦੇ ਨਾਲ ਮੈਦਾਨ ਵਿੱਚ ਉਤਰ ਰਹੀ ਹੈ ਅਤੇ ਕਾਂਗਰਸ ਅਜੇ ਤੱਕ ਆਪਣੀ ਦਿਸ਼ਾ ਤੈਅ ਕਰਨ ਵਿੱਚ ਹੀ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ।
ਚੋਣਾਂ ਵਿੱਚ ਹਾਲੇ ਇੱਕ ਸਾਲ ਦਾਸਮਾਂ ਬਾਕੀ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਹਾਲਾਤ ਕਦੇ ਵੀ ਬਦਲ ਸਕਦੇ ਹਨ, ਪਰ ਇੱਕ ਗੱਲ ਸਪੱਸ਼ਟ ਹੈ ਕਿ ਜਿਸ ਪਾਰਟੀ ਦੇ ਆਗੂ ਸੰਯਮਿਤ ਭਾਸ਼ਾ, ਸਪੱਸ਼ਟ ਨੀਤੀ ਅਤੇ ਲੋਕਾਂ ਦੇ ਅਸਲ ਮੁੱਦਿਆਂ ਨਾਲ ਜੁੜੇ ਰਹਿਣਗੇ, ਆਖ਼ਿਰਕਾਰ ਲੋਕਾਂ ਦੀ ਕਚਹਿਰੀ ਵਿੱਚ ਉਹੀ ਕਬੂਲ ਕੀਤੇ ਜਾਣਗੇ। ਆਉਣ ਵਾਲਾ ਸਮਾਂ ਇਹ ਤੈਅ ਕਰੇਗਾ ਕਿ ਕੌਣ ਆਪਣੀ ਲੀਹ ਸਹੀ ਕਰਦਾ ਹੈ ਅਤੇ ਕੌਣ ਲੀਹੋਂ ਲੱਥਿਆ ਹੀ ਰਹਿੰਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ