Uncategorized
ਸਲਮਾਨ ਖ਼ਾਨ ਨੇ ਕਿਹਾ- ਜਲਦ ਹੀ ਕਰਾਂਗਾ ਸ਼ਾਹਰੁਖ ਨਾਲ ਫਿਲਮ

30 ਨਵੰਬਰ 2023: 12 ਨਵੰਬਰ ਨੂੰ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ਟਾਈਗਰ-3 ਇਸ ਸਾਲ ਦੀ ਚੌਥੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਸਲਮਾਨ ਖਾਨ ਨੇ ਫਿਲਮ ਦੀ ਸਫਲਤਾ ਨੂੰ ਲੈ ਕੇ ਇੱਕ ਕਾਨਫਰੰਸ ਆਯੋਜਿਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਵੱਡੀ ਜਾਣਕਾਰੀ ਦਿੱਤੀ ਸੀ। ਸਲਮਾਨ ਨੇ ਦੱਸਿਆ ਹੈ ਕਿ ਉਹ ਜਲਦ ਹੀ ਸ਼ਾਹਰੁਖ ਖਾਨ ਨਾਲ ਫਿਲਮ ‘ਚ ਨਜ਼ਰ ਆਉਣਗੇ। ਫਿਲਮ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਤੇ ਉਹ ਜਲਦ ਹੀ ਇਸ ਦਾ ਐਲਾਨ ਕਰਨਗੇ। ਜੇਕਰ ਇਸ ਖਬਰ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਦੋਵੇਂ 1995 ‘ਚ ਆਈ ਫਿਲਮ ਕਰਨ-ਅਰਜੁਨ ਦੇ 28 ਸਾਲ ਬਾਅਦ ਕਿਸੇ ਵੱਡੀ ਫਿਲਮ ‘ਚ ਲੀਡ ਹੀਰੋ ਦੇ ਤੌਰ ‘ਤੇ ਹਿੱਸਾ ਲੈਣਗੇ।
ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੈ, ਕਿਉਂਕਿ ਜਦੋਂ ਵੀ ਸ਼ਾਹਰੁਖ ਅਤੇ ਸਲਮਾਨ ਨੂੰ ਇਕੱਠੇ ਦੇਖਿਆ ਗਿਆ ਹੈ, ਬਾਕਸ ਆਫਿਸ ਦੇ ਰਿਕਾਰਡ ਤੋੜੇ ਹਨ। ਇਸ ਸਾਲ ਦੋਹਾਂ ਨੇ ਇਕ-ਦੂਜੇ ਦੀਆਂ ਫਿਲਮਾਂ ‘ਪਠਾਨ’ ਅਤੇ ‘ਟਾਈਗਰ-3’ ‘ਚ ਕੈਮਿਓ ਕੀਤਾ ਹੈ, ਜੋ ਦੋਵੇਂ ਬਲਾਕਬਸਟਰ ਰਹੀਆਂ ਸਨ। ਅਜਿਹੇ ‘ਚ ਦੋਹਾਂ ਨੂੰ ਇਕ ਹੀ ਫਿਲਮ ‘ਚ ਮੁੱਖ ਹੀਰੋ ਦੇ ਰੂਪ ‘ਚ ਦੇਖਣਾ ਬੇਹੱਦ ਖਾਸ ਹੋਵੇਗਾ। ਦੋਵੇਂ ਹੁਣ ਤੱਕ ਕੁੱਲ 8 ਫਿਲਮਾਂ ਵਿੱਚ ਇਕੱਠੇ ਨਜ਼ਰ ਆਏ ਹਨ, ਜਿਨ੍ਹਾਂ ਵਿੱਚੋਂ ਕਰਨ-ਅਰਜੁਨ ਅਤੇ ਹਮ ਤੁਮਹਾਰੇ ਹੈ ਸਨਮ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਵਿੱਚ ਦੋਵਾਂ ਨੇ ਕੈਮਿਓ ਕੀਤਾ ਹੈ। ਸਲਮਾਨ ਅਤੇ ਸ਼ਾਹਰੁਖ 2003 ‘ਚ ਆਈ ਫਿਲਮ ‘ਕਲ ਹੋ ਨਾ ਹੋ’ ‘ਚ ਵੀ ਇਕੱਠੇ ਨਜ਼ਰ ਆਉਣ ਵਾਲੇ ਸਨ, ਹਾਲਾਂਕਿ ਸਲਮਾਨ ਨੇ ਉਸ ਫਿਲਮ ਨੂੰ ਠੁਕਰਾ ਦਿੱਤਾ ਸੀ। ਉਦੋਂ ਤੋਂ ਹੀ ਦੋਵੇਂ ਆਪਣੀ ਲੜਾਈ ਕਾਰਨ ਸੁਰਖੀਆਂ ‘ਚ ਸਨ।