Connect with us

Punjab

ਸੰਧਵਾਂ ਵੱਲੋਂ ਸ਼ਹੀਦ ਭਗਤ ਸਿੰਘ ਸਿੱਖਿਆ ਫੰਡ ਦੀ ਸ਼ੁਰੂਆਤ

Published

on

ਚੰਡੀਗੜ੍ਹ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਹਾਜ਼ਰੀ ਵਿਚ ਸ਼ਹੀਦ ਭਗਤ ਸਿੰਘ ਸਿੱਖਿਆ ਫੰਡ ਦੀ ਸ਼ੁਰੂਆਤ ਕੀਤੀ ਹੈ। ਇਸ ਫੰਡ ਨਾਲ ਆਰਥਿਕ ਤੌਰ `ਤੇ ਕਮਜ਼ੋਰ ਹੁਸ਼ਿਆਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਵਿਕਰਮਜੀਤ ਸਿੰਘ ਸਾਹਨੀ ਵੱਲੋਂ ਇਸ ਫੰਡ ਵਿਚ 50 ਲੱਖ ਰੁਪਏ ਸਾਲਾਨਾ ਦਾ ਯੋਗਦਾਨ ਪਾਇਆ ਜਾਵੇਗਾ। ਸਾਹਨੀ ਵਿਸ਼ਵ ਪੰਜਾਬੀ ਸੰਸਥਾ ਅਤੇ ‘ਸਨ ਫਾਊਂਡੇਸ਼ਨ’ ਦੇ ਪ੍ਰਧਾਨ ਵੀ ਹਨ।

ਸ਼ਹੀਦ ਭਗਤ ਸਿੰਘ ਸਿੱਖਿਆ ਫੰਡ ਬਾਬਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੰਡ ਉਨ੍ਹਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਜੋ ਕਿ ਫੰਡਾਂ ਦੀ ਘਾਟ ਕਾਰਣ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਫੰਡ ਦੇਣ ਲਈ ਕੁਲਤਾਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਵਾਈਸ ਚੇਅਰਮੈਨ ਮੀਤ ਹੇਅਰ ਹੋਣਗੇ। ਇਹ ਕਮੇਟੀ ਲੋੜਵੰਦ ਵਿਦਿਆਰਥੀਆਂ ਦੀ ਚੋਣ ਕਰਕੇ ਮਾਲੀ ਸਹਾਇਤਾ ਦੇਣ ਦਾ ਫੈਸਲਾ ਕਰੇਗੀ।

ਇਸ ਮੌਕੇ ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੂਰੇ ਪੰਜਾਬ ਵਿੱਚ ਵੱਖ-ਵੱਖ ਰੁਜ਼ਗਾਰ ਮੁਖੀ ਕੋਰਸਾਂ ਵਿੱਚ ਮੁਫਤ ਹੁਨਰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੀ ਐਨਜੀਓ ‘ਸਨ ਫਾਊਂਡੇਸ਼ਨ’ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਜਿਹੇ ਪੰਜ ਵਿਸ਼ਵ ਪੱਧਰੀ ਹੁਨਰ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਵਿੱਚ ਅਜਿਹਾ ਇਕ ਕੇਂਦਰ ਪਹਿਲਾਂ ਹੀ ਚੱਲ ਰਿਹਾ ਹੈ ਜਿੱਥੋਂ ਸਿਖਲਾਈ ਹਾਸਲ ਕਰਕੇ ਇੱਕ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ।  

Continue Reading