Corona Virus
ਸੰਗਰੂਰ ਡੀਸੀ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
28 ਮਾਰਚ : ਸੰਗਰੂਰ, 28 ਮਾਰਚ: ਕੋਰੋਨਾ ਦੇ ਮੱਦੇਨਜ਼ਰ ਲੱਗੇ ਕਰਫਿਊ ਦੇ ਦੌਰਾਨ ਗਰੀਬ ਲੋਕਾਂ ਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਰਾਸ਼ਨ ਸਮੱਗਰੀ ਪਹੁੰਚਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ । ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਆਟਾ, ਵਨਸਪਤੀ ਘਿਓ, ਦਾਲ, ਨਮਕ, ਖੰਡ, ਚਾਹਪੱਤੀ, ਸਾਬਣਾਂ ਆਦਿ ਦੇ ਸਮਾਨ ‘ਤੇ ਆਧਾਰਿਤ 1100 ਕਿੱਟਾਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਉਣ ਹਿੱਤ ਵਾਹਨ ਰਵਾਨਾ ਕੀਤੇ। ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਘਨਸ਼ਿਆਮ ਕਾਂਸਲ ਅਤੇ ਸ਼ਗੁਨ ਕੁਕਿੰਗ ਆਇਲ ਦੇ ਐਮ.ਡੀ ਸ਼੍ਰੀ ਦੀਪਕ ਜਿੰਦਲ ਦੇ ਸਹਿਯੋਗ ਨਾਲ ਪ੍ਰਾਪਤ ਰਾਸ਼ਨ ਸਮੱਗਰੀ ਨੂੰ ਪਾਰਦਰਸ਼ੀ ਢੰਗ ਨਾਲ ਲੋੜਵੰਦਾਂ ਤੱਕ ਪਹੁੰਚਾਉਣ ਦੇ ਦਿਸ਼ਾ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿਥੇ ਸਮੇਂ ਸਮੇਂ ‘ਤੇ ਮਹੱਤਵਪੂਰਨ ਲੋੜਾਂ ਦੀ ਪੂਰਤੀ ਹਿੱਤ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਸਾਰੇ ਨਿਵਾਸੀਆਂ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਲੋਕਾਂ ਦੇ ਘਰਾਂ ਤੱਕ ਹਰੇਕ ਲੋੜੀਂਦੀ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਸ਼੍ਰੀ ਥੋਰੀ ਨੇ ਕਿਹਾ ਕਿ ਲੋਕ ਆਪਣੇ ਘਰਾਂ ਤੋਂ ਬਿਲਕੁਲ ਵੀ ਬਾਹਰ ਨਾ ਨਿਕਲਣ ਅਤੇ ਹਰੇਕ ਵਸਤੂ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਨਿਵਾਸੀਆਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਵਿਸ਼ੇਸ਼ ਅਭਿਆਨ ਚਲਾ ਕੇ ਝੁੱਗੀਆਂ ਝੌਂਪੜੀਆਂ ਦੀ ਪਛਾਣ ਕਰਵਾਈ ਗਈ ਅਤੇ ਅਗੇਤੇ ਤੌਰ ‘ਤੇ ਅਨਾਊਂਸਮੈਂਟ ਕਰਵਾ ਕੇ ਉਪ ਮੰਡਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਲੋੜਵੰਦਾਂ ਨੂੰ ਰਾਸ਼ਨ ਵੰਡਵਾਇਆ ਜਾ ਰਿਹਾ ਹੈ ਤਾਂ ਜੋ ਲੋੜਵੰਦਾਂ ਦੀ ਰੋਜ਼ੀ ਰੋਟੀ ਸਬੰਧੀ ਅਹਿਮ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ।