Amritsar
ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦੇਣ ਲਈ ਵਿਧਾਇਕ ਭਲਾਈਪੁਰ ਨੇ ਕਰਵਾਈ ਸ਼ੁਰੂਆਤ

- ਪਾਣੀ ਦੀ ਬਚਤ ਲਈ ਕ੍ਰਾਂਤੀਕਾਰੀ ਕਦਮ ਹੈ ਝੋਨੇ ਦੀ ਸਿੱਧੀ ਬਿਜਾਈ-ਮੁੱਖ ਖੇਤੀਬਾੜੀ ਅਧਿਕਾਰੀ
ਅੰਮ੍ਰਿਤਸਰ, 6 ਜੂਨ 2020 -ਪਾਣੀ ਦੀ ਬਚਤ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦੇਣ ਲਈ ਅੱਜ ਪਿੰਡ ਮਹਿਤਾਬ ਕੋਟ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਧਿਕਾਰੀ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਸਿੱਧੀ ਬਿਜਾਈ ਕਰਵਾਈ ਗਈ।
ਇਸ ਮੌਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਖੇਤੀਬਾੜੀ ਅਫਸਰ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਇਹ ਬਿਜਾਈ ਕਿਸਾਨ ਹਰਪਿੰਦਰ ਸਿੰਘ ਵੱਲੋਂ ਖਰੀਦੀ ਆਧੁਨਿਕ ਮਸ਼ੀਨ ਡੀ ਐਸ ਆਰ ਨਾਲ ਕਰਵਾਈ ਗਈ। ਭਲਾਈਪੁਰ ਨੇ ਕਿਹਾ ਕਿ ਇਹ ਤਕਨੀਕ ਲੇਬਰ ਦੀ ਸਮੱਸਿਆ ਦਾ ਵੱਡਾ ਹੱਲ ਕਰ ਸਕਦੀ ਹੈ, ਕਿਉਂਕਿ ਮੌਜੂਦਾ ਸਮੇਂ ਲੇਬਰ ਮਹਿੰਗੀ ਹੋਣ ਕਾਰਨ ਕਿਸਾਨ ਨੂੰ ਆਰਥਿਕ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ ਅਤੇ ਖੇਤੀ ਖਰਚੇ ਵੱਧ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਹ ਤਕਨੀਕ ਸਫਲ ਹੋ ਜਾਂਦੀ ਹੈ ਤਾਂ ਸਾਡੇ ਕਿਸਾਨ ਨੂੰ ਵੱਡਾ ਲਾਹਾ ਮਿਲੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਮੌਜੂਦਾ ਰਿਵਾਇਤੀ ਤਕਨੀਕ ਜੋ ਕਿ ਕੱਦੂ ਕਰਕੇ ਕੀਤੀ ਜਾਂਦੀ ਹੈ, ਨਾਲੋਂ ਜ਼ਿਆਦਾ ਸੁਚਾਰੂ ਵਿਧੀ ਹੈ। ਇਸ ਨਾਲ ਪਾਣੀ, ਸਮਾਂ ਤੇ ਲੇਬਰ ਦੀ ਵੱਡੀ ਬਚਤ ਹੁੰਦੀ ਹੈ, ਪਰ ਜੋ ਕਿਸਾਨ ਇਸ ਨੂੰ ਪਹਿਲੀ ਵਾਰ ਅਪਨਾ ਰਹੇ ਹਨ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਵਰਤਣ ਤੋਂ ਪਹਿਲਾਂ ਇਸ ਬਾਰੇ ਵਿਭਾਗ ਕੋਲੋਂ ਪੂਰਾ ਗਿਆਨ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਭਾਰੀਆਂ ਜ਼ਮੀਨਾਂ ਵਿਚ ਤਰ ਵੱਤਰ ਉਤੇ ਕੀਤੀ ਜਾ ਸਕਦੀ ਹੈ, ਪਰ ਰੇਤਲੀ ਜਡਮੀਨ ਵਿਚ ਇਹ ਬਿਜਾਈ ਕਰਨ ਨਾਲ ਲੋਹੇ ਦੀ ਘਾਟ ਜ਼ਮੀਨ ਨੂੰ ਬਹੁਤ ਜ਼ਿਆਦਾ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੇ ਪੱਧਰ ਉਤੇ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੇ ਹਰ ਪੱਖ ਨੂੰ ਸਮਝਿਆ ਜਾਣਾ ਚਾਹੀਦੈ ਹੈ। ਇਸ ਮੌਕੇ ਖੇਤੀਬਾੜੀ ਅਧਿਕਾਰੀ ਡਾ. ਸਤਬੀਰ ਸਿੰਘ, ਏ ਡੀ ਓ ਡਾ. ਸਤਿੰਵਦਰਬੀਰ ਸਿੰਘ, ਏ ਈ ਓ ਪਰਮਿੰਦਰ ਸਿੰਘ, ਏ ਈ ਓ ਗਰੁਵਿੰਦਰ ਸਿੰਘ, ਤਰਸੇਮ ਸਿੰਘ, ਮਨਬੀਰ ਸਿੰਘ ਅਤੇ ਹੋਰ ਅਧਿਕਾਰੀ, ਸਰਪੰਚ ਗੁਰਬਿੰਦਰ ਸਿੰਘ, ਮੈਂਬਰ ਸੁੱਚਾ ਸਿੰਘ, ਮਨਜੋਤ ਸਿੰਘ, ਗੁਰਪਰਕਾਰ ਸਿੰਘ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।