National
ਹਿਮਾਚਲ ‘ਚ ਸਕੂਲ- ਕਾਲਜ ਬੰਦ
HIMACHAL PRADESH : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹੜਾਂ ਨੇ ਲੋਕਾਂ ਦੀ ਜਿੰਦਗੀ ਤਬਾਹ ਕੀਤੀ ਹੋਈ ਹੈ। ਮੀਂਹ ਕਾਰਨ 12 ਵਿੱਚੋਂ ਚਾਰ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 484 ਸੜਕਾਂ ਆਵਾਜਾਈ ਲਈ ਬੰਦ ਹਨ।
ਸਥਾਨਕ ਮੌਸਮ ਵਿਭਾਗ ਨੇ 30 ਅਗਸਤ ਤੱਕ ਰਾਜ ਦੇ ਦੋ ਤੋਂ ਸੱਤ ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਮੀਂਹ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ‘ਯੈਲੋ ਅਲਰਟ’ ਦੇ ਮੱਦੇਨਜ਼ਰ, ਬਿਲਾਸਪੁਰ, ਹਮੀਰਪੁਰ, ਊਨਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਰਿਹਾਇਸ਼ੀ ਸੰਸਥਾਵਾਂ ਨੂੰ ਛੱਡ ਕੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ।
ਐਤਵਾਰ ਰਾਤ ਤੋਂ ਰਾਜ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਦੋ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 484 ਸੜਕਾਂ ਐਤਵਾਰ ਰਾਤ ਨੂੰ ਆਵਾਜਾਈ ਲਈ ਬੰਦ ਰਹੀਆਂ।
ਇਨ੍ਹਾਂ ਵਿੱਚੋਂ, ਮੰਡੀ ਜ਼ਿਲ੍ਹੇ ਵਿੱਚ 245 ਸੜਕਾਂ ਅਤੇ ਨਾਲ ਲੱਗਦੇ ਕੁੱਲੂ ਵਿੱਚ 102 ਸੜਕਾਂ ਬੰਦ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਨੇ ਕਿਹਾ ਕਿ ਚੰਬਾ ਅਤੇ ਪਠਾਨਕੋਟ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ 154A ਅਤੇ ਔਟ ਅਤੇ ਸੈਂਜ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ 305 ਵੀ ਬੰਦ ਹਨ।
ਹੁਣ ਤੱਕ 155 ਲੋਕਾਂ ਦੀ ਮੌ.ਤ
SEOC ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ 20 ਜੂਨ ਤੋਂ 24 ਅਗਸਤ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 155 ਲੋਕਾਂ ਦੀ ਮੌ.ਤ ਹੋ ਗਈ ਹੈ, ਜਦੋਂ ਕਿ 37 ਲੋਕ ਲਾਪਤਾ ਹਨ।
SEOC ਨੇ ਕਿਹਾ ਹੈ ਕਿ ਹੁਣ ਤੱਕ ਰਾਜ ਵਿੱਚ 77 ਅਚਾਨਕ ਹੜ੍ਹ, 40 ਬੱਦਲ ਫਟਣ ਅਤੇ 79 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਹਨ। ਹਿਮਾਚਲ ਪ੍ਰਦੇਸ਼ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 2,348 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
