Connect with us

Punjab

ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ ਨੇ ਠਾਰੇ ਪੰਛੀ ਤੇ ਜਾਨਵਰ

Published

on

ਇੰਨੀ ਦਿਨੀਂ ਪੰਜਾਬ ਵਿੱਚ ਕਹਿਰ ਦੀ ਠੰਢ ਪੈ ਰਹੀ ਹੈ, ਜਿਸ ਨੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਨੁੱਖੀ ਜੀਵਨ ਦੇ ਨਾਲ-ਨਾਲ ਇਸ ਠੰਢ ਦਾ ਅਸਰ ਪਸ਼ੂ-ਪੰਛੀਆਂ ਅਤੇ ਜਾਨਵਰਾਂ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਦੇ ਬੀੜ ਤਲਾਬ ਬਸਤੀ ਵਿਖੇ ਬਣੇ ‘ਮਿੰਨੀ ਜੂ ਐਂਡ ਡੀਅਰ ਸਫਾਰੀ’ ‘ਚ ਰੱਖੇ ਗਏ ਪੰਛੀਆਂ ਅਤੇ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ।

ਪਸ਼ੂ-ਪੰਛੀਆਂ ਤੇ ਜਾਨਵਰਾਂ ਨੂੰ ਠੰਢ
ਇਥੇ ਰੱਖੇ ਗਏ ਤੇਂਦੂਏ ਨੂੰ ਠੰਢ ਤੋਂ ਬਚਾਉਣ ਲਈ ਬਕਾਇਦਾ ਹੀਟਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਵਨ ਗਾਰਡ ਅਧਿਕਾਰੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਨੂੰ ਵੇਖਦੇ ਹੋਏ ਪੰਛੀਆਂ ਤੇ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿੱਥੇ ਤੇਂਦੂਏ ਲਈ ਹੀਟਰ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਇਹਨਾਂ ਨੂੰ ਜਿਆਦਾ ਠੰਢ ਵਾਲੇ ਦਿਨ ਖੁੱਲ੍ਹਾ ਨਹੀਂ ਛੱਡਿਆ ਜਾਂਦਾ। ਬਲਕਿ ਇਹਨਾਂ ਦੇ ਕਮਰਿਆਂ ਵਿੱਚ ਹੀ ਰੱਖ ਕੇ ਹੀਟਰ ਚਲਾਏ ਜਾਂਦੇ ਹਨ ਤਾਂ ਜੋ ਇਹਨਾਂ ਨੂੰ ਠੰਢ ਤੋਂ ਬਚਾਇਆ ਜਾ ਸਕੇ।

ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨੂੰ ਠੰਢ ਤੋਂ ਬਚਾਉਣ ਲਈ ਪਿੰਜਰਿਆਂ ਦੇ ਆਲੇ-ਦੁਆਲੇ ਪਲਾਸਟਿਕ ਦੀਆਂ ਤਰਪਾਲਾਂ ਆਦਿ ਲਗਾਈਆਂ ਗਈਆਂ ਹਨ। ਬਕਾਇਦਾ ਡਾਕਟਰਾਂ ਵੱਲੋਂ ਸਮੇਂ-ਸਮੇਂ ਸਿਰ ਇੰਨਾਂ ਪੰਛੀਆਂ ਅਤੇ ਜਾਨਵਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਕਿਸੇ ਪੰਛੀ ਅਤੇ ਜਾਨਵਰ ਨੂੰ ਐਮਰਜੈਂਸੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਡਾਕਟਰਾਂ ਪਾਸ ਇਲਾਜ ਲਈ ਲਿਜਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਪੰਛੀਆਂ ਅਤੇ ਜਾਨਵਰਾਂ ਦੀ ਡਾਇਟ ਵੀ ਬਦਲ ਦਿੱਤੀ ਜਾਂਦੀ ਹੈ। ਪੰਛੀਆਂ ਨੂੰ ਗੁੜ ਅਤੇ ਬਾਜਰਾ ਪਾਇਆ ਜਾਂਦਾ ਹੈ, ਉਥੇ ਹੀ ਤੇਂਦੂਏ ਲਈ ਉਬਲੇ ਹੋਏ ਮਾਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਇਸ ਕਹਿਰ ਦੀ ਠੰਢ ਤੋਂ ਇਹਨਾਂ ਪੰਛੀਆਂ ਅਤੇ ਜਾਨਵਰਾਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਹਨਾਂ ਪੰਛੀਆਂ ਤੇ ਜਾਨਵਰਾਂ ਦੀ ਨਿਗਰਾਨੀ ਲਈ ਬਕਾਇਦਾ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਇਹਨਾਂ ਪੰਛੀਆਂ ਤੇ ਜਾਨਵਰਾਂ ਨੂੰ ਦੇਖਣ ਲਈ ਆਉਂਦੇ ਹਨ ਤਾਂ ਉਹ ਸਫਾਈ ਦਾ ਖਿਆਲ ਰੱਖਣ ਕਿਉਂਕਿ ਕਈ ਵਿਅਕਤੀ ਥਾਂ-ਥਾਂ ‘ਤੇ ਪਲਾਸਟਿਕ ਸੁੱਟ ਦਿੰਦੇ ਹਨ। ਇਸ ਤੋਂ ਇਲਾਵਾ ਕਈ ਸ਼ਰਾਰਤੀ ਲੋਕਾਂ ਵੱਲੋਂ ਪਿੰਜਰੇ ‘ਚ ਬੰਦ ਜਾਨਵਰਾਂ ਨਾਲ ਸ਼ਰਾਰਤਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਜਾਨਵਰ ਉਨ੍ਹਾਂ ‘ਤੇ ਉਤੇਜ਼ਿਤ ਹੋ ਕੇ ਹਮਲਾ ਵੀ ਕਰ ਸਕਦੇ ਹਨ। ਉਹਨਾਂ ਲੋਕਾਂ ਨੂੰ ਕਿਹਾ ਕਿ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਇਹਨਾਂ ਪੰਛੀਆਂ ਤੇ ਜਾਨਵਰਾਂ ਨੂੰ ਵੇਖਣ ਲਈ ਆਉਣ ਅਤੇ ਇਹਨਾਂ ਬਾਰੇ ਜਾਣਨ ਕਿਉਂਕਿ ਇਹ ਵੀ ਇੱਕ ਮਨੁੱਖੀ ਜੀਵਨ ਦਾ ਹਿੱਸਾ ਹਨ।