Delhi
Shraddha Murder Case : ਪੁਲਿਸ 100 ਗਵਾਹਾਂ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਛੇਤੀ ਹੀ ਚਾਰਜਸ਼ੀਟ ਕਰ ਸਕਦੀ ਦਾਖ਼ਲ
ਮਨੁੱਖੀ ਸੰਵੇਦਨਾਵਾਂ ਨੂੰ ਹਿਲਾ ਦੇਣ ਵਾਲੇ ਸ਼ਰਧਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਜਲਦੀ ਹੀ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਚਾਰਜਸ਼ੀਟ ਦਾ ਖਰੜਾ ਤਿਆਰ ਕਰ ਲਿਆ ਹੈ। ਫਿਲਹਾਲ ਕਾਨੂੰਨੀ ਮਾਹਿਰ ਇਸ ਦੀ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਸ਼ਰਧਾ ਵਾਕਰ ਮਾਮਲੇ ਵਿੱਚ ਜਨਵਰੀ ਦੇ ਅੰਤ ਵਿੱਚ ਕਿਸੇ ਵੀ ਤਰੀਕ ਨੂੰ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਆਫਤਾਬ ਨੇ 18 ਮਈ ਨੂੰ ਸ਼ਰਧਾ ਦੀ ਹੱਤਿਆ ਕਰਨ ਤੋਂ ਬਾਅਦ ਕਥਿਤ ਤੌਰ ‘ਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ। ਉਸ ਨੇ ਸਰੀਰ ਦੇ ਅੰਗਾਂ ਨੂੰ ਕਈ ਦਿਨਾਂ ਤੱਕ ਪੂਰੇ ਸ਼ਹਿਰ ਵਿੱਚ ਡੰਪ ਕਰਨ ਤੋਂ ਪਹਿਲਾਂ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੀ ਰਿਹਾਇਸ਼ ‘ਤੇ 300 ਲੀਟਰ ਦੇ ਫਰਿੱਜ ਵਿੱਚ ਲਗਭਗ ਤਿੰਨ ਹਫ਼ਤਿਆਂ ਤੱਕ ਰੱਖਿਆ। ਛਤਰਪੁਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈਆਂ ਹੱਡੀਆਂ ਅਤੇ ਮ੍ਰਿਤਕ ਦੀ ਡੀਐਨਏ ਰਿਪੋਰਟ ਜਿਸ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹੱਡੀਆਂ ਸ਼ਰਧਾ ਦੀਆਂ ਸਨ, ਇਹ ਸਾਰੀਆਂ ਚਾਰਜਸ਼ੀਟ ਦਾ ਹਿੱਸਾ ਹਨ। ਇਸ ਤੋਂ ਇਲਾਵਾ ਆਫਤਾਬ ਪੂਨਾਵਾਲਾ ਦਾ ਇਕਬਾਲੀਆ ਬਿਆਨ ਅਤੇ ਨਾਰਕੋ ਟੈਸਟ ਦੀ ਰਿਪੋਰਟ ਵੀ ਸ਼ਾਮਲ ਹੈ।
ਦੋਸ਼ੀ ਆਫਤਾਬ ਪੂਨਾਵਾਲਾ ਨੂੰ 12 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ, ਜਿਸ ਨੂੰ 17 ਨਵੰਬਰ ਨੂੰ ਪੰਜ ਦਿਨ ਹੋਰ ਵਧਾ ਦਿੱਤਾ ਗਿਆ ਸੀ। ਫਿਲਹਾਲ ਉਹ ਤਿਹਾੜ ਜੇਲ ‘ਚ ਬੰਦ ਹੈ।