News
SMRITI IRANI ਤੋਂ ਬਾਅਦ KANGANA ਵੀ ਸਿਆਸਤ ਛੱਡ ਕੇ ਫਿਰ ਫਿਲਮੀ ਜਗਤ ਜਾਣ ਲਈ ਤਿਆਰ !
ਸਮ੍ਰਿਤੀ ਇਰਾਨੀ ਤੋਂ ਬਾਅਦ ਭਾਜਪਾ ਦੀ ਕੰਗਨਾ ਰਣੌਤ ਵੀ ਸਿਆਸਤ ਛੱਡ ਕੇ ਫ਼ਿਲਮੀ ਜਗਤ ਵਿੱਚ ਮੁੜਨ ਲਈ ਤਿਆਰ ਲੱਗ ਰਹੀ ਹੈ।ਭਾਰਤੀ ਜਨਤਾ ਪਾਰਟੀ ਦੀ ਗਲੈਮਰ ਨੇਤਾ ਰਹੀ ਸਮ੍ਰਿਤੀ ਇਰਾਨੀ ਸਿਆਸਤ ਤੋਂ ਸੰਨਿਆਸ ਲੈਣ ਵਾਲੀ ਹੈ ਅਤੇ ਹੁਣ ਮੁੜ ਟੀਵੀ ਸੀਰੀਅਲ ਕਰਨ ਜਾ ਰਹੀ ਹੈ। ਸਮ੍ਰਿਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚਹੇਤੀ ਉਦੋਂ ਬਣੀ ਸੀ ਜਦੋਂ 2003 ਵਿੱਚ ਗੁਜਰਾਤ ਦੰਗਿਆਂ ਨੂੰ ਲੈ ਕੇ ਮੋਦੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਨ। ਉਸ ਵੇਲੇ ਸਮ੍ਰਿਤੀ ਇਰਾਨੀ ਖੁੱਲ੍ਹ ਕੇ ਮੋਦੀ ਦੇ ਹੱਕ ਵਿੱਚ ਨਿੱਤਰੀ ਸੀ। ਜਦੋਂ 2014 ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਉਸਨੂੰ ਮੋਦੀ ਦੇ ਹੱਕ ਵਿੱਚ ਬੋਲਣ ਦਾ ਇਨਾਮ ਵੀ ਮਿਲਿਆ ਸੀ ਉਸਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਤੇ ਉਹ ਮੰਤਰੀ ਵੀ ਬਣੀ।2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਮ੍ਰਿਤੀ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਹਰਾ ਕੇ ਸੰਸਦ ਮੈਂਬਰ ਬਣੀ। ਉਸਨੂੰ ਭਾਜਪਾ ਵਿੱਚ ਚੰਗਾ ਮਾਣ ਸਨਮਾਨ ਮਿਲਿਆ ਲੇਕਿਨ ਉਹ ਜਦੋਂ ਖੰਭ ਕੱਢਣ ਲੱਗੀ ਤਾਂ ਮੋਦੀ ਨੇ ਉਸਦੇ ਖੰਭ ਕੁਤਰਨੇ ਸ਼ੁਰੂ ਕਰ ਦਿੱਤੇ। ਸਮ੍ਰਿਤੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਪਾਰਟੀ ਦੀਆਂ ਨੀਤੀਆਂ ਦੇ ਖ਼ਿਲਾਫ਼ ਬੋਲਣ ਲੱਗੀ ਸੀ ਇਸ ਕਰਕੇ ਉਸਨੂੰ ਖੁੱਡੇ ਲਾਈਨ ਲਗਾ ਦਿੱਤਾ ਗਿਆ। ਹੁਣ ਸਮ੍ਰਿਤੀ ਇਰਾਨੀ ਸਿਆਸਤ ਛੱਡ ਕੇ ਆਪਣੇ ਪੁਰਾਣੇ ਪੇਸ਼ੇ ਵਿੱਚ ਜਾ ਰਹੀ ਹੈ ਅਤੇ ਸੀਰੀਅਲ ਸਾਸ ਭੀ ਕਭੀ ਬਹੂ ਥੀ 2 ਵਿੱਚ ਅਦਾਕਾਰੀ ਕਰਨ ਜਾ ਰਹੀ ਹੈ। ਸਿਆਸਤ ਇੱਕ ਐਸੀ ਖੇਡ ਹੈ ਜਿਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਖੇਡ ਸਕਦੇ। ਇੱਥੇ ਪਾਰਟੀ ਲਾਈਨ ‘ਤੇ ਚੱਲਣਾ ਪੈਂਦਾ ਹੈ ਅਤੇ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ। ਬਾਗ਼ੀ ਤਬੀਅਤ ਵਾਲੇ ਲੋਕ ਸਿਆਸਤ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਟਿਕ ਪਾਉਂਦੇ।
ਸਮ੍ਰਿਤੀ ਇਰਾਨੀ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਨਰੇਂਦਰ ਮੋਦੀ ਦੀ ਚਹੇਤੀ ਹੋਣ ਕਰਕੇ ਭਾਜਪਾ ਵੱਲੋਂ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਗਈ ਤੇ ਉਹ ਵੀ ਜਿੱਤ ਕੇ ਸੰਸਦ ਵਿੱਚ ਪਹੁੰਚ ਗਈ। ਜਿਵੇਂ ਕੰਗਨਾ ਨੂੰ ਆਸ ਸੀ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਸਨੂੰ ਸਪੈਸ਼ਲ ਹਸਤੀ ਵਾਲਾ ਰੁੱਤਬਾ ਮਿਲੇਗਾ ਉਹ ਉਸਨੂੰ ਨਹੀਂ ਮਿਲਿਆ। ਸੰਸਦ ਮੈਂਬਰ ਬਣਦਿਆਂ ਹੀ ਉਸਨੇ ਹਉਮੈ ਵਾਲੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਮੋਹਾਲੀ ਹਵਾਈ ਅੱਡੇ ‘ਤੇ ਉਸਨੇ ਤਲਾਸ਼ੀ ਦੇਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਉਹ ਸੰਸਦ ਮੈਂਬਰ ਹੈ ਸਿਰਫ ਇੰਨਾ ਹੀ ਨਹੀਂ ਸਗੋਂ ਤਲਾਸ਼ੀ ਲੈਣ ਵਾਲੀ ਸੁਰੱਖਿਆ ਮੁਲਾਜ਼ਮ ਨੂੰ ਗ਼ਲਤ ਬੋਲ ਕੇ ਕੰਗਨਾ ਨੇ ਥੱਪੜ ਵੀ ਖਾਧਾ ਸੀ। ਉਸਨੇ ਕਿਸਾਨਾਂ ਖਿਲਾਫ ਵੀ ਕਈ ਵਾਰ ਬਿਆਨਬਾਜ਼ੀ ਕੀਤੀ ਅਤੇ ਇੱਕ ਵਾਰ ਤਾਂ ਪਾਰਟੀ ਨੇ ਉਸਨੂੰ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਅਤੇ ਮੁਆਫੀ ਵੀ ਮੰਗਵਾਈ ਸੀ। ਉਹ ਜਿਸ ਤਰ੍ਹਾਂ ਦਾ ਮਾਣ ਸਨਮਾਨ ਚਾਹੁੰਦੀ ਸੀ ਉਸ ਨੂੰ ਪਾਰਟੀ ਵਿੱਚ ਸੰਸਦ ਮੈਂਬਰ ਬਣਨ ‘ਤੇ ਵੀ ਨਹੀਂ ਮਿਲਿਆ। ਹਾਲ ਹੀ ਵਿੱਚ ਜਦੋਂ ਉਸਦੇ ਹਲਕੇ ਮੰਡੀ ਵਿੱਚ ਬੱਦਲ ਫਟਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਪਹਿਲਾਂ ਤਾਂ ਉਹ ਉੱਥੇ ਗਈ ਹੀ ਨਹੀਂ ਜਦੋਂ ਉਸਦੀ ਆਲੋਚਨਾ ਹੋਈ ਤਾਂ ਉਹ ਮੰਡੀ ਗਈ ਜਦੋਂ ਉਸ ਤੋਂ ਲੋਕਾਂ ਨੇ ਦੇਰੀ ਨਾਲ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਗੈਰ ਜਿੰਮੇਵਾਰਾਨਾ ਜਵਾਬ ਦਿੰਦਿਆਂ ਕਿਹਾ ਕਿ ਉਹ ਆ ਕੇ ਕੀ ਕਰਦੀ ਉਸ ਕੋਲ ਕਿਹੜਾ ਕਿਸੇ ਨੂੰ ਦੇਣ ਲਈ ਪੈਸੇ ਹਨ? ਕਿਸੇ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਇੱਕ ਵਿਵਾਦਤ ਬਿਆਨ ਦਿੱਤਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ MP ਨੂੰ ਵੀ ਨੌਕਰੀ ਦੀ ਜ਼ਰੂਰਤ ਹੈ। ਉਹ ਲਿਖਦੀ ਹੈ ਕਿ ਸੰਸਦ ਮੈਂਬਰ ਦੀ ਤਨਖ਼ਾਹ ਸਿਰਫ ਇੱਕ ਲੱਖ ਚੌਵੀ ਹਜ਼ਾਰ ਹੈ ਤੇ ਖਰਚੇ ਜ਼ਿਆਦਾ ਹਨ। ਸੰਸਦ ਮੈਂਬਰ ਬਣਨ ਦੇ ਬਾਵਜੂਦ ਉਸਨੂੰ ਪਾਰਟੀ ਵਿੱਚ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਉਸਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਲੱਗਦਾ ਹੈ। ਇੰਝ ਲੱਗਦਾ ਹੈ ਕਿ ਉਹ ਵੀ ਸਮ੍ਰਿਤੀ ਇਰਾਨੀ ਵਾਂਗ ਵਾਪਸ ਅਦਾਕਾਰੀ ਦੇ ਮੈਦਾਨ ਵਿੱਚ ਕੁੱਦਣ ਦੀ ਤਿਆਰੀ ਕਰ ਰਹੀ ਹੈ।

ਕੁਲਵੰਤ ਸਿੰਘ ਗੱਗੜਪੁਰੀ
