Connect with us

Punjab

ਪਰਾਲੀ ਪ੍ਰੋਟੈਕਸ਼ਨ ਫੋਰਸ (PPF)ਰੋਕੇਗੀ ਪਰਾਲੀ ਸਾੜਨ ਦੀਆਂ ਘਟਨਾਵਾਂ

Published

on

ਸਾਹਿਬਜ਼ਾਦਾ ਅਜੀਤ ਸਿੰਘ ਨਗਰ- ਆਉਂਦੇ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹੇ ਵਿੱਚ ਬਲਾਕ ਪੱਧਰ ‘ਤੇ ਪਰਾਲੀ ਪ੍ਰੋਟੈਕਸ਼ਨ ਫੋਰਸ (ਪੀ ਪੀ ਐਫ) ਦਾ ਗਠਨ ਕੀਤਾ ਗਿਆ ਹੈ, ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਅੱਜ ਇੱਥੇ ਦਿੱਤੀ।

ਸਬੰਧਤ ਵਿਭਾਗਾਂ ਨਾਲ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ, ਏ ਡੀ ਸੀ ਨੇ ਕਿਹਾ ਕਿ ਪੀ ਪੀ ਐਫ ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੀ ਨਿਗਰਾਨੀ ਹੇਠ ਕੰਮ ਕਰੇਗਾ। ਫੋਰਸ ਵਿੱਚ ਨਾਇਬ ਤਹਿਸੀਲਦਾਰ, ਖੇਤੀਬਾੜੀ ਵਿਕਾਸ ਅਧਿਕਾਰੀ, ਇਲਾਕਾ ਐਸ ਐਚ ਓ, ਕਲੱਸਟਰ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।

ਪੀ.ਪੀ.ਐਫ ਟੀਮਾਂ ਹੌਟਸਪੌਟ ਖੇਤਰਾਂ ਵਿੱਚ ਨਿਯਮਤ ਗਸ਼ਤ ਕਰਨਗੀਆਂ, ਪਰਾਲੀ ਸਾੜਨ ਵਿਰੁੱਧ ਰੋਕਥਾਮ ਉਪਾਅ ਸਖ਼ਤੀ ਨਾਲ ਲਾਗੂ ਕਰਨਗੀਆਂ, ਇਸਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਗੀਆਂ, ਅਤੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣਗੀਆਂ। ਮੈਂਬਰ, ਕਿਸਾਨਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਭਾਵਿਤ ਖੇਤਰਾਂ ਵਿੱਚ ਮਸ਼ੀਨਰੀ ਦੀ ਉਪਲਬਧਤਾ ਸੂਚੀ ਅਤੇ ਮੌਜੂਦਗੀ ਵੀ ਯਕੀਨੀ ਬਣਾਉਣਗੇ।

ਏ.ਡੀ.ਸੀ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਹੌਟਸਪੌਟ ਪਿੰਡਾਂ ਵਿੱਚ ਵਿਆਪਕ ਜਾਗਰੂਕਤਾ ਗਤੀਵਿਧੀਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਐਸ ਡੀ ਐਮਜ਼ ਨੂੰ ਅਪੀਲ ਕੀਤੀ ਕਿ ਉਹ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀ ਰਵਾਇਤ ਨੂੰ ਖਤਮ ਕਰਨ ਲਈ ਆਪਣੇ-ਆਪਣੇ ਉਪ-ਮੰਡਲਾਂ ਦੀ ਅਗਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਕਿਸਾਨਾਂ ਲਈ ਆਸਾਨੀ ਨਾਲ ਉਪਲਬਧ ਹੋਵੇ।ਮੀਟਿੰਗ ਵਿੱਚ ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਸ ਐਸ ਪੀ ਦਫ਼ਤਰ ਦੇ ਨੁਮਾਇੰਦੇ ਸ਼ਾਮਲ ਹੋਏ।