Punjab
ਭੜਕਾਊ ਵੀਡੀਓ ਨੂੰ ਨਜ਼ਰਅੰਦਾਜ਼ ਕਰੋ ; ਬਾਂਸ ਵੀ ਕਾਇਮ ਰਹਿਣਗੇ ਤੇ ਬੰਸਰੀਆਂ ਵੀ ਵੱਜਦੀਆਂ ਰਹਿਣਗੀਆਂ !
ਇਸ ਸਮੇਂ ਜਦੋਂ ਪੰਜਾਬ ‘ਤੇ ਮੁਸੀਬਤ ਬਣੀ ਹੈ, ਹੜ੍ਹਾਂ ਨਾਲ ਭਾਰੀ ਤਬਾਹੀ ਹੋਈ ਹੈ। ਅਜਿਹੇ ਸਮੇਂ ਵਿੱਚ ਅਫਵਾਹਾਂ ਅਤੇ ਭੜਕਾਊ ਵੀਡੀਓ ਨਾਲ ਪੰਜਾਬ ਦੇ ਸਦਭਾਵਨਾ ਭਰੇ ਮਹੌਲ ਨੂੰ ਖਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰ ਵਿੱਚ ਜਦ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਦੀ ਗੂੰਜ ਹਕੀਕਤ ਤੋਂ ਉੱਚੀ ਹੋ ਜਾਂਦੀ ਹੈ, ਅਜਿਹੇ ਵਿੱਚ ਪੰਜਾਬ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਵੀ ਘੜੀਆਂ ਜਾਂਦੀਆਂ ਹਨ। ਕਦੇ ਕਿਸੇ ਬੇਵਕੂਫ਼ ਵਿਅਕਤੀ ਵੱਲੋਂ ਕਿਹਾ ਜਾਂਦਾ ਹੈ ਕਿ ਸਾਰੇ ਡੈਮ ਦੇ ਗੇਟ ਖੋਲ੍ਹ ਦਿਓ ਨਾ ਰਹੇਗਾ ਬਾਂਸ ਨਾ ਵਜੇਗੀ ਬੰਸਰੀ। ਕਦੇ ਭੜਕਾਊ ਬਿਆਨਬਾਜ਼ੀ ਰਾਹੀਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕੀਤਾ ਜਾਂਦਾ ਹੈ ਪਰ ਇਨ੍ਹਾਂ ਸਾਰਿਆਂ ਤੋਂ ਉੱਪਰ ਹੈ ਪੰਜਾਬ ਦੀ ਧੀਰਜਵਾਨ ਰੂਹ — ਇੱਕ ਅਜਿਹਾ ਜਜ਼ਬਾ ਜੋ ਹਮੇਸ਼ਾ ਸੱਚ, ਸਦਭਾਵਨਾ ਅਤੇ ਪ੍ਰੇਮ ਦਾ ਸੰਦੇਸ਼ ਦਿੰਦੀ ਹੈ। ਮੂਰਖ ਲੋਕ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਕਿ ਨਾ ਰਹੇਗਾ ਬਾਂਸ ਨਾ ਵਜੇਗੀ ਬੰਸਰੀ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਪੰਜਾਬ ਖਤਮ ਹੋ ਜਾਵੇਗਾ ਤਾਂ ਸਮਝ ਲੈਣਾ ਭਾਰਤ ਖਤਮ ਹੋ ਜਾਵੇਗਾ।
ਪੰਜਾਬ ਭਾਰਤ ਦੀ ਰੀੜ੍ਹ ਦੀ ਹੱਡੀ ਹੈ। ਇਹ ਉਹ ਪੰਜਾਬ ਹੈ ਜੋ ਸਦੀਆਂ ਤੋਂ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਨਾਲ ਨਾਲ ਹਿੱਕ ਦੇ ਜ਼ੋਰ ਨਾਲ ਭਾਰਤ ਉੱਪਰ ਹਮਲੇ ਕਰਨ ਵਾਲੇ ਹਮਲਾਵਰਾਂ ਨੂੰ ਧੂਲ ਚਟਾਉਂਦਾ ਆ ਰਿਹਾ ਅਤੇ ਨਾਦਰ ਸ਼ਾਹ ਵਰਗੇ ਵਿਸ਼ਾਲ ਸੈਨਾਵਾਂ ਵਾਲੇ ਹਮਲਾਵਰ ਦੀ ਫੌਜ ਨੂੰ ਕੁੱਟ ਕੇ ਉਸ ਤੋਂ ਭਾਰਤ ਦੀਆਂ ਧੀਆਂ ਨੂੰ ਬਚਾ ਕੇ, ਭੈਣਾਂ ਬਣਾ ਕੇ ਉਨ੍ਹਾਂ ਦੇ ਘਰਾਂ ਤੱਕ ਛੱਡ ਕੇ ਆਉਂਦੇ ਰਹੇ ਨੇ ਇਸ ਪੰਜਾਬ ਦੇ ਸਪੂਤ।ਅੱਜ ਵੀ ਦੇਸ਼ ਦੀ ਰਾਖੀ ਲਈ ਹਿੱਕਾਂ ਤਾਣ ਕੇ ਸਰਹੱਦਾਂ ਉੱਪਰ ਪੰਜਾਬ ਦੇ ਯੋਧੇ ਖੜ੍ਹੇ ਹਨ ਅਤੇ ਦੇਸ਼ ਲਈ ਜਾਨਾਂ ਕੁਰਬਾਨ ਕਰ ਰਹੇ ਹਨ। ਇਹ ਪੰਜਾਬੀ ਹਨ ਜਿਨ੍ਹਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉੰਕਿ ਉਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਬਲੀਦਾਨ ਦਿੱਤਾ ਸੀ ਅਤੇ ਉਨ੍ਹਾਂ ਦੇ ਸਪੁੱਤਰ ਦਸਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ।
ਇਸਦੇ ਨਾਲ ਇਸ ਦੇਸ਼ ਨੂੰ ਅਜ਼ਾਦ ਕਰਾਉਣ ਲਈ 95 ਫ਼ੀਸਦੀ ਕੁਰਬਾਨੀਆਂ ਇਨ੍ਹਾਂ ਪੰਜਾਬੀਆਂ ਨੇ ਹੀ ਦਿੱਤੀਆਂ ਸਨ। ਇਹ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੈ ਜਿਸਦੇ ਖਤਮ ਹੋਣ ਨਾਲ ਭਾਰਤ ਖਤਮ ਹੋ ਜਾਵੇਗਾ। ਕਈ ਵਾਰੀ ਭੜਕਾਊ ਵੀਡੀਓ ਅਣਜਾਣੀ ਜਾਣਕਾਰੀ ਜਾਂ ਰਾਜਨੀਤਕ ਹਿੱਤਾਂ ਲਈ ਪੈਦਾ ਕੀਤਾ ਗਿਆ ਮਹੌਲ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰ ਸਕਦਾ ਹੈ। ਪਰ ਪੰਜਾਬੀ ਸਮਝਦਾਰ ਨੇ — ਉਹ ਜਾਣਦੇ ਨੇ ਕਿ ਹਕੀਕਤ ਕੀ ਹੈ। ਪੰਜਾਬ ਦੀ ਜਨਤਾ ਨੇ ਹਮੇਸ਼ਾ ਸੂਝਬੂਝ ਅਤੇ ਸੰਜਮ ਤੋਂ ਕੰਮ ਲਿਆ ਹੈ। ਜਦ ਮੌਸਮ ਹੜ੍ਹ ਵਰਗੀਆਂ ਪ੍ਰਾਕ੍ਰਿਤਿਕ ਆਫ਼ਤਾਂ ਲਿਆਉਂਦਾ ਹੈ, ਤਦ ਵੀ ਪੰਜਾਬੀ ਸਿਰਫ਼ ਆਪਣੇ ਘਰ ਹੀ ਨਹੀਂ ਬਚਾਉਂਦੇ ਸਗੋਂ ਦੂਜਿਆਂ ਦੇ ਵੀ ਘਰ ਬਚਾਉਂਦੇ ਹਨ। ਦੇਸ਼ ਦੁਨੀਆਂ ਵਿੱਚ ਕਿਤੇ ਵੀ ਕੋਈ ਆਫ਼ਤ ਆਵੇ ਤਾਂ ਉੱਥੇ ਮਦਦ ਕਰਨ ਲਈ ਪੰਜਾਬੀ ਲੋਕਾਂ ਦੇ ਹੱਥ ਅੱਗੇ ਵਧਦੇ ਹਨ।
ਜੋ ਲੋਕ ਅਫਵਾਹਾਂ ਪੈਦਾ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਪੰਜਾਬ ਦੀ ਰਗ‑ਰਗ ਵਿੱਚ ਸਿਰਫ਼ ਪਾਣੀ ਨਹੀਂ — ਦੇਸ਼ ਭਗਤੀ ਵਗਦੀ ਹੈ। ਮੁਸੀਬਤ ਵਿੱਚ ਵੀ ਪੰਜਾਬੀਆਂ ਦੀ ਹਿੰਮਤ ਨਹੀਂ ਡੋਲਦੀ। ਜਿੱਥੇ ਗਲਤ ਫ਼ੈਸਲੇ ਜਾਂ ਵਿਵਾਦ ਖੜੇ ਹੋ ਜਾਂਦੇ ਹਨ, ਉਥੇ ਵੀ ਪੰਜਾਬੀ ਆਪਣੀ ਮਾਂ‑ਧਰਤੀ ਨੂੰ ਗੰਦਾ ਨਹੀਂ ਹੋਣ ਦਿੰਦੇ। ਇਹੀ ਉਹ ਰੂਹ ਹੈ ਜੋ “ਨਾ ਰਹੇਗਾ ਬਾਂਸ, ਨਾ ਵਜੇਗੀ ਬੰਸਰੀ” ਵਰਗੀਆਂ ਗੱਲਾਂ ਨੂੰ ਨਕਾਰਦੀ ਹੈ। ਇੱਥੇ ਬਾਂਸ ਵੀ ਰਹੇਗਾ, ਬੰਸਰੀ ਵੀ ਵੱਜੇਗੀ — ਕਿਉਂਕਿ ਇਹ ਨਿਵੇਕਲੇ ਸੱਭਿਆਚਾਰ ਦੀ ਧਰਤੀ ਹੈ, ਹਿੰਮਤ ਵਾਲੇ ਯੋਧਿਆਂ ਦੀ ਧਰਤੀ ਹੈ।
ਜਦ ਹਮਦਰਦੀ, ਸਾਂਝ ਅਤੇ ਸੰਘਰਸ਼ ਦੇ ਰੂਹ ਨਾਲ ਪੰਜਾਬੀ ਇੱਕ ਹੋ ਜਾਂਦੇ ਹਨ, ਤਦ ਕੋਈ ਵੀ ਤਾਕਤ ਇਹਨਾਂ ਦੀ ਏਕਤਾ ਨੂੰ ਭੰਗ ਨਹੀਂ ਕਰ ਸਕਦੀ। ਇਹ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਤਾਕਤ ਹੈ। ਅਸੀਂ ਇੱਕ ਹੋ ਕੇ, ਕਿਸੇ ਵੀ ਤਬਾਹੀ, ਕਿਸੇ ਵੀ ਸਾਜ਼ਿਸ਼, ਜਾਂ ਕਿਸੇ ਵੀ ਗਲਤ ਸੋਚ ਦਾ ਜਵਾਬ ਦੇ ਸਕਦੇ ਹਾਂ।
ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਇਹ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਆਵਾਜ਼ਾਂ ਨੂੰ ਉਤਸ਼ਾਹਿਤ ਕਰੀਏ ਜੋ ਸ਼ਾਂਤੀ ਦੀ ਗੱਲ ਕਰਦੀਆਂ ਹਨ ਨਾ ਕਿ ਭੜਕਾਊ ਗੱਲਾਂ ਕਰਨ ਵਾਲੀਆਂ ਗੱਲਾਂ ਨੂੰ।ਜਿਨ੍ਹਾਂ ਲੋਕਾਂ ਦੀ ਬੰਸਰੀ ‘ਸਦਭਾਵਨਾ’ ਦੀ ਧੁਨ ਵਜਾਉਂਦੀ ਹੈ, ਜਿਹੜੇ ਮਨੁੱਖਤਾ ਦੀ ਲੜੀ ਵਿਚ ਮੋਤੀ ਪਰੋਣ ਵਾਲੇ ਹਨ, ਉਨ੍ਹਾਂ ਨੂੰ ਪੰਜਾਬੀ ਕਹਿੰਦੇ ਹਨ। ਪੰਜਾਬ ਅੱਜ ਵੀ ਦੇਸ਼ ਦਾ ਮੱਥਾ ਹੈ —ਤੇ ਮੱਥੇ ਉੱਤੇ ਕਦੇ ਨਫ਼ਰਤ ਵਾਲੀਆਂ ਤਿਊੜੀਆਂ ਨਹੀਂ ਪਾਉਂਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਪੰਜਾਬ ਦੇ ਲੋਕ।
ਬੰਸਰੀ ਵੱਜਦੀ ਰਹੇਗੀ। ਪੰਜਾਬੀ ਹੱਸਦੇ ਰਹਿਣਗੇ। ਤੇ ਸਭ ਤੋਂ ਵੱਧ — ਪੰਜਾਬੀ ਦੇਸ਼ ਲਈ ਜਿੰਦ ਦੀ ਬਾਜ਼ੀ ਲਗਾਉਂਦੇ ਰਹਿਣਗੇ। ਆਓ ਰਲ ਮਿਲਕੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਈਏ। ਹੜ੍ਹ ਪੀੜਤਾਂ ਦੀ ਮਦਦ ਕਰੀਏ। ਜਿਹੜੇ ਹੱਥ ਮਦਦ ਲਈ ਵਧ ਰਹੇ ਹਨ ਉਨ੍ਹਾਂ ਨੂੰ ਸਲਾਮ।

