Connect with us

Punjab

ਸੁਖਬੀਰ ਦੇ ਤਰਲਿਆਂ ਦਾ ਵੀ ਅਸਰ ਨਹੀਂ ਹੋ ਰਿਹਾ ਬਾਬਾ ਧੁੰਮਾਂ ‘ਤੇ; ਘੱਲੂਘਾਰਾ ਦਿਵਸ ਮੌਕੇ ਘਰੇਲੂ ਘੱਲੂਘਾਰੇ ਦਾ ਡਰ

Published

on

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ। ਤਕ਼ਰੀਬਨ ਹਰ ਸਾਲ ਇਸ ਦਿਨ ਸਿੱਖ ਜਥੇਬੰਦੀਆਂ ਦਾ ਆਪਸ ਵਿੱਚ ਟਕਰਾਓ ਹੁੰਦਾ ਹੈ। ਇਸ ਸਾਲ ਤਾਂ ਘੱਲੂਘਾਰਾ ਦਿਵਸ ਮੌਕੇ ਘਰੇਲੂ ਘੱਲੂਘਾਰੇ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾਂ) ਨੇ ਐਲਾਨ ਕੀਤਾ ਹੋਇਆ ਹੈ ਕਿ ਕੁਲਦੀਪ ਸਿੰਘ ਗੜਗੱਜ ਨੂੰ ਘੱਲੂਘਾਰਾ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਗੜਗੱਜ ਕੌਮ ਵੱਲੋਂ ਪ੍ਰਵਾਨਿਤ ਜਥੇਦਾਰ ਨਹੀਂ ਹਨ। ਬਾਬਾ ਧੁੰਮਾਂ ਵਾਂਗ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਕੁਲਦੀਪ ਸਿੰਘ ਗੜਗੱਜ ਨੂੰ ਉਹ ਜਥੇਦਾਰ ਨਹੀਂ ਮੰਨਦੇ ਤੇ ਉਨ੍ਹਾਂ ਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਇਸਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਘੱਲੂਘਾਰਾ ਦਿਵਸ ਮੌਕੇ ਕਿਸੇ ਨੂੰ ਵੀ ਮਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ।

ਹੁਣ ਸੁਖਬੀਰ ਸਿੰਘ ਬਾਦਲ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਮਨਾਉਣ ਲਈ ਤਰਲਿਆਂ ‘ਤੇ ਉੱਤਰ ਆਏ ਹਨ ਪਰ ਬਾਬਾ ਧੁੰਮਾਂ ਉੱਪਰ ਤਰਲਿਆਂ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ। ਇਹ ਤੁਸੀਂ ਸਭ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਦਿਆਂ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪਿਆ ਉਸ ਤੋਂ ਬਾਅਦ ਸਿੱਖ ਸੰਗਤ ਦਾ ਵੱਡਾ ਹਿੱਸਾ ਕੁਲਦੀਪ ਸਿੰਘ ਗੜਗੱਜ ਨੂੰ ਅਪ੍ਰਵਾਨ ਕਰਦਾ ਹੈ ਆ ਰਿਹਾ ਹੈ।

ਬੀਤੇ ਦਿਨ ਸ਼ਹੀਦਾਂ ਦੇ ਕੁੱਝ ਪਰਿਵਾਰਾਂ ਨੇ ਵੀ ਕਿਹਾ ਸੀ ਕਿ ਉਹ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਨਹੀਂ ਲੈਣਗੇ।ਸੁਖਬੀਰ ਸਿੰਘ ਬਾਦਲ ਹੁਣ ਕੋਸ਼ਿਸ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਵੀ ਘੱਲੂਘਾਰਾ ਦਿਵਸ ਸੁੱਖੀ ਸਾਂਦੀ ਨਿੱਬੜ ਜਾਵੇ ਤੇ ਉਹ ਇਸ ਗੱਲ ਲਈ ਵੀ ਬਜ਼ਿਦ ਹਨ ਕਿ ਕੁਲਦੀਪ ਸਿੰਘ ਗੜਗੱਜ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਦੇਣ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਾਬਾ ਧੁੰਮਾਂ ਨੂੰ ਮਨਾਉਣ ਲਈ ਭੇਜਿਆ ਸੀ ਪਰ ਉਹ ਨਹੀਂ ਮੰਨੇ ਫਿਰ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਖੁਦ ਕਿਸੇ ਜਗ੍ਹਾ ‘ਤੇ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਤਰਲੇ ਕੀਤੇ ਕਿ ਘੱਲੂਘਾਰਾ ਦਿਵਸ ਨੂੰ ਅਮਨ ਸ਼ਾਂਤੀ ਨਾਲ ਮਨਾ ਲੈਣ ਦਿਓ ਪਰ ਬਾਬਾ ਧੁੰਮਾਂ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ ਕਿ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣਗੇ ਤੇ ਉਹ ਉਸਨੂੰ ਜਥੇਦਾਰ ਨਹੀਂ ਮੰਨਦੇ।

ਸੁਖਬੀਰ ਸਿੰਘ ਬਾਦਲ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਨਾਉਣ ਲਈ ਵੀ ਤਰਲੇ ਕੀਤੇ ਜਾ ਰਹੇ ਹਨ ਪਰ ਸਫਲਤਾ ਨਹੀਂ ਮਿਲ ਰਹੀ। ਕੱਲ੍ਹ ਛੇ ਜੂਨ ਨੂੰ ਟਕਰਾਓ ਹੋਣਾ ਲਾਜ਼ਮੀ ਲੱਗ ਰਿਹਾ ਹੈ। ਇਹ ਟਕਰਾਓ ਤਾਂ ਹੀ ਟਲ ਸਕਦਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਬਾਬਾ ਧੁੰਮਾਂ ਦੇ ਤਰਲੇ ਕਰਨ ਦੀ ਬਜਾਇ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਤੋਂ ਹਟਾ ਕੇ ਸਿੱਖ ਆਗੂਆਂ ਦੀ ਸਲਾਹ ਨਾਲ ਕਿਸੇ ਸਰਵ ਪ੍ਰਵਾਨਿਤ ਸ਼ਖ਼ਸੀਅਤ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਜਥੇਦਾਰ ਬਣਾਉਣ। ਇਸ ਸਮੇਂ ਗੱਲ ਕੁਲਦੀਪ ਸਿੰਘ ਗੜਗੱਜ ਨੂੰ ਮੋਹਰਾ ਬਣਾ ਕੇ ਸਿਅਸੀ ਸ਼ਤਰੰਜ ਖੇਡੀ ਜਾ ਰਹੀ ਹੈ । ਜੇਕਰ ਬਿਨਾਂ ਕਲੇਸ਼ ਤੋਂ ਗੜਗੱਜ ਸੰਦੇਸ਼ ਦੇਣ ਵਿੱਚ ਸਫਲ ਹੁੰਦੇ ਹਨ ਤਾਂ ਪਾਸਾ ਸੁਖਬੀਰ ਬਾਦਲ ਦਾ ਭਾਰੂ ਰਹਿੰਦਾ ਹੈ ਤੇ ਜੇਕਰ ਵਿਰੋਧ ਦੇ ਚਲਦਿਆਂ ਕੁਲਦੀਪ ਸਿੰਘ ਗੜਗੱਜ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਬਾਦਲ ਦੀ ਸ਼ਤਰੰਜ ਦਾ ਕੀਮਤੀ ਪਿਆਦਾ ਮਾਰਿਆ ਜਾਂਦਾ ਹੈ। ਸੰਗਤ ਇਸ ਗੱਲ ਨੂੰ ਲੈ ਕੇ ਦੁਖੀ ਹੈ ਕਿ ਸਾਡੇ ਸਿੱਖ ਸਿਆਸਤਦਾਨ ਸਿਆਸੀ ਸ਼ਤਰੰਜ ਦੀ ਖੇਡ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਚ ਵਜੋਂ ਵਰਤ ਰਹੇ ਹਨ।

ਕੁਲਵੰਤ ਸਿੰਘ ਗੱਗੜਪੁਰੀ