Connect with us

Punjab

ਸਵੀਪ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਨੌਜਵਾਨ ਵੋਟਰਾਂ ਨੂੰ ਕੀਤਾ ਜਾਗਰੂਕ

Published

on

ਰਾਜਪੁਰਾ
ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਦੀ ਅਗਵਾਈ ‘ਚ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਸਵੀਪ ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਵੱਲੋਂ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਰਾਹੀਂ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦੀ ਸੁਚੱਜੀ ਤੇ ਲਾਜ਼ਮੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਸਵੀਪ ਨੋਡਲ ਅਫ਼ਸਰ ਰਾਜਪੁਰਾ ਵਿਧਾਨ ਸਭਾ ਹਲਕਾ ਪ੍ਰੋ. ਰਮਨਦੀਪ ਸਿੰਘ ਸੋਢੀ, ਚੋਣ ਕਾਨੂੰਗੋ ਸਤਿੰਦਰ ਕੌਰ, ਜਗਜੀਤ ਸਿੰਘ ਚੱਪੜ ਤੇ ਜਤਿੰਦਰ ਕੁਮਾਰ ਦੀ ਦੇਖ-ਰੇਖ ‘ਚ ਹੋਏ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਟੇਲ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਟਸ ਦੇ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ, ਪ੍ਰਿੰ. ਅਸ਼ਵਨੀ ਵਰਮਾ, ਕਾਲਜ ਦਾ ਸਟਾਫ਼ ਤੇ ਸੈਂਕੜਿਆਂ ਦੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।

ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਨਿਰਦੇਸ਼ਨਾ ‘ਚ ਖੇਡੇ ਗਏ ਇਸ ਨਾਟਕ ‘ਚ ਤਨੂਜਾ, ਸ਼ਰਨਦੀਪ ਚੀਮਾ, ਕਿਰਨ, ਰਿੱਕੀ ਤੇ ਜੈਸਮੀਨ ਕੌਰ ਨੇ ਆਪੋ-ਆਪਣੇ ਕਿਰਦਾਰਾਂ ਰਾਹੀਂ ਨੌਜਵਾਨਾਂ ਨੂੰ ਵੋਟ ਦਾ ਹੱਕ ਹਾਸਲ ਕਰਨ ਲਈ ਦੇਸ਼ ਭਗਤਾਂ ਦੀ ਕੁਰਬਾਨੀਆਂ ਬਾਰੇ ਦੱਸਿਆ। ਨਾਲ ਹੀ ਵੋਟ ਦੀ ਵਰਤੋਂ ਬਿਨਾ ਕਿਸੇ ਲੋਭ ਲਾਲਚ ਦੇ ਸਮਝਦਾਰੀ ਨਾਲ ਕਰਨ ਦਾ ਹੋਕਾ ਵੀ ਦਿੱਤਾ।

ਇਸ ਨਾਟਕ ਰਾਹੀਂ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਨਾਟਕ ਦੇ ਅਖੀਰ ‘ਚ ਕਲਾਕਾਰਾਂ ਵੱਲੋਂ ਮੌਕੇ ‘ਤੇ ਮੌਜੂਦ ਦਰਸ਼ਕਾਂ ਨੂੰ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਮਿਲੇ ਵੋਟ ਦੇ ਅਧਿਕਾਰ ਦੀ ਵਰਤੋਂ ਹਰ ਹਾਲਤ ‘ਚ ਸੂਝ ਨਾਲ ਕਰਨ ਦਾ ਪ੍ਰਣ ਵੀ ਕਰਵਾਇਆ। ਅਖੀਰ ‘ਚ ਕਾਲਜ ਵੱਲੋਂ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਤੇ ਪ੍ਰਿੰ. ਅਸ਼ਵਨੀ ਕੁਮਾਰ ਨੇ ਵੀ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ‘ਤੇ ਚੋਣ ਪ੍ਰਣਾਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਅਤੇ ਨਾਟ ਮੰਡਲੀ ਦਾ ਸਨਮਾਨ ਵੀ ਕੀਤਾ। ਪ੍ਰੋ. ਰਮਨਦੀਪ ਸਿੰਘ ਸੋਢੀ ਤੇ ਮਾ. ਜਗਜੀਤ ਸਿੰਘ ਚੱਪੜ ਨੇ ਅਖੀਰ ‘ਚ ਸਭ ਦਾ ਧੰਨਵਾਦ ਕੀਤਾ।