National
ਸਾਊਦੀ ਅਰਬ ‘ਚ ਭਿਆਨਕ ਬੱਸ ਹਾਦਸਾ, 42 ਭਾਰਤੀਆਂ ਦੀ ਮੌਤ
ਇਸ ਸਮੇਂ ਸਾਊਦੀ ਅਰਬ ‘ਚ ਵੱਡਾ ਬੱਸ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਤਾ ਲੱਗਿਆ ਹੈ ਕਿ ਉਮਰਾ ਦੇ ਪਵਿੱਤਰ ਸਫ਼ਰ ਤੋਂ ਪਰਤ ਰਹੇ ਭਾਰਤੀ ਤੀਰਥ ਯਾਤਰੀਆਂ ਦੀ ਬੱਸ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ 42 ਭਾਰਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਦਰਦਨਾਕ ਘਟਨਾ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 1:30 ਵਜੇ ਮੁਫ਼ਰੀਹਾਟ ਇਲਾਕੇ ‘ਚ ਵਾਪਰੀ, ਜਦੋਂ ਮੱਕਾ ਤੋਂ ਮਦੀਨਾ ਜਾ ਰਹੀ ਉਨ੍ਹਾਂ ਦੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ, ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਇਕੋ ਦਮ ਪੂਰੀ ਬੱਸ ਅੱਗ ਦੀ ਚਪੇਟ ਵਿੱਚ ਆ ਗਈ ਤੇ ਅੱਗ ਦੇ ਭਾਂਬੜ ਦੂਰ-ਦੂਰ ਤੋਂ ਦੇਖੇ ਜਾ ਰਹੇ ਸੀ।
ਰਿਪੋਰਟ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਏ ਸਾਰੇ 42 ਲੋਕ ਭਾਰਤ ਦੇ ਹੈਦਰਾਬਾਦ ਸ਼ਹਿਰ ਦੇ ਰਹਿਣ ਵਾਲੇ ਸਨ। ਬੱਸ ‘ਚ ਕੁੱਲ 43 ਯਾਤਰੀ ਸਵਾਰ ਸਨ। ਮਰਨ ਵਾਲਿਆਂ ‘ਚ 20 ਔਰਤਾਂ ਅਤੇ 11 ਬੱਚੇ ਵੀ ਸ਼ਾਮਲ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਸ ਹਾਦਸੇ ਦੀਆਂ ਵੀਡੀਓਜ਼ ਨੇ ਦੇਖਣ ਵਾਲਿਆਂ ਨੂੰ ਕੰਬਾ ਕੇ ਰੱਖ ਦਿੱਤਾ।
ਤੇਲੰਗਾਨਾ ਸਰਕਾਰ ਨੇ ਕਿਹਾ ਕਿ ਉਹ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹੈ। ਇੱਕ ਅਧਿਕਾਰਤ ਬਿਆਨ ਵਿੱਚ, ਰਾਜ ਸਰਕਾਰ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਰੇਵੰਤ ਰੈਡੀ ਨੇ ਨਵੀਂ ਦਿੱਲੀ ਵਿੱਚ ਅਧਿਕਾਰੀਆਂ ਨੂੰ ਸੁਚੇਤ ਕੀਤਾ ਹੈ ਅਤੇ ਉਨ੍ਹਾਂ ਨੂੰ ਦੂਤਾਵਾਸ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਉਹ ਇਸ ਹਾਦਸੇ ਤੋਂ ਬਹੁਤ ਦੁਖੀ ਹਨ। ਟਵਿੱਟਰ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਲਿਖਿਆ ਕਿ ਰਿਆਧ ਵਿੱਚ ਦੂਤਾਵਾਸ ਅਤੇ ਜੇਦਾਹ ਵਿੱਚ ਕੌਂਸਲੇਟ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
