Punjab
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੁੱਤ ਦੀ ਹੋਈ ਮੌਤ

ਸਰਹੱਦੀ ਖੇਤਰ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ‘ਚ ਹੋਈ ਲੜਾਈ ਕਾਰਨ ਹੋਈ ਮੌਤ ਦੇ ਕਰੀਬ ਇਕ ਮਹੀਨੇ ਬਾਅਦ ਲਾਸ਼ ਅੱਜ ਉਸ ਦੇ ਜੱਦੀ ਪਿੰਡ ਪਹੁੰਚੀ। ਇਸ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਮੁਤਾਬਿਕ ਪਿੰਡ ਹਸਨਪੁਰ ਦਾ ਨੌਜਵਾਨ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਚਲਾਉਣ ਲਈ ਭਰਾ ਜਰਮਨੀ ਦੇ ਬਰਲਿਨ ‘ਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। 21 ਫਰਵਰੀ ਨੂੰ ਭਰਾ ਦੇ ਦੋਸਤਾਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ। ਦੱਸਿਆ ਗਿਆ ਕਿ ਉਸ ਦੀ ਘਰ ਦੇ ਬਾਹਰ ਗਲੀ ‘ਚ ਪਾਕਿਸਤਾਨੀ ਲੜਕਿਆਂ ਨਾਲ ਲੜਾਈ ਹੋ ਗਈ ਅਤੇ ਗੱਲ ਇੰਨੀ ਵਧ ਗਈ ਕਿ ਉਕਤ ਲੜਕਿਆਂ ਨੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਰੋਂਦੀ ਹੋਈ ਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰਾਂ ਨੂੰ ਵਿਦੇਸ਼ ਨਾ ਭੇਜਣ।