Sports
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਅੱਜ ਹੋਵੇਗਾ ਪਹਿਲਾ ਮੈਚ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ‘ਤੇ ਸ਼ੁਰੂ ਹੋਵੇਗਾ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਪਿਛਲੇ 4 ਸਾਲਾਂ ਤੋਂ ਵਨਡੇ ‘ਚ ਕੀਵੀਆਂ ਖਿਲਾਫ ਲਗਾਤਾਰ ਹਾਰ ਤੋਂ ਛੁਟਕਾਰਾ ਪਾਉਣਾ ਚਾਹੇਗੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਇਸ ਫਾਰਮੈਟ ਵਿੱਚ ਭਾਰਤ ਖ਼ਿਲਾਫ਼ ਜੇਤੂ ਮੁਹਿੰਮ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਵੈਲਿੰਗਟਨ ਵਿੱਚ 3 ਫਰਵਰੀ 2019 ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਖਰੀ ਵਨਡੇ ਜਿੱਤਿਆ ਸੀ।
ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤ ਨੇ ਸਾਲ ਦੀ ਪਹਿਲੀ ਵਨਡੇ ਸੀਰੀਜ਼ ‘ਚ ਸ਼੍ਰੀਲੰਕਾ ਨੂੰ 3-0 ਨਾਲ ਕਲੀਨ ਸਵੀਪ ਕੀਤਾ। ਭਾਰਤ ਨੇ ਆਖਰੀ ਵਨਡੇ ‘ਚ ਸ਼੍ਰੀਲੰਕਾ ਨੂੰ ਰਿਕਾਰਡ 317 ਦੌੜਾਂ ਨਾਲ ਹਰਾਇਆ। ਇਹ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ। ਜੇਕਰ ਭਾਰਤ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਦਾ ਹੈ ਤਾਂ ਉਹ ਪਿਛਲੇ 13 ਸਾਲਾਂ ‘ਚ 23ਵੀਂ ਵਨਡੇ ਘਰੇਲੂ ਸੀਰੀਜ਼ ਜਿੱਤ ਜਾਵੇਗਾ। ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ 2003 ਵਿੱਚ ਦੋਵੇਂ ਟੀਮਾਂ ਹੈਦਰਾਬਾਦ ਦੇ ਇੱਕ ਹੋਰ ਮੈਦਾਨ ਵਿੱਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਭਾਰਤ ਨੇ 145 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।