Uncategorized
ਗੁਰਦੁਆਰਾ ਥਾਲਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਭਾਰਤ ਸਰਕਾਰ ਨੇ ਕੀਤੀ ਸਖਤ ਨਿੰਦਾ

ਅਫਗਾਨਿਸਤਾਨ ਦੇ ਪਕਤੀਆ ਪ੍ਰਾਂਤ ਵਿਚ ਸਥਿਤ ਗੁਰਦੁਆਰਾ ਥਾਲਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਭਾਰਤ ਸਰਕਾਰ ਨੇ ਸਖਤ ਨਿੰਦਾ ਕੀਤੀ ਹੈ। ਇਲਾਕੇ ਦੇ ਵਸਨੀਕ ਚਰਨ ਸਿੰਘ ਨੇ ਨਿਸ਼ਾਨ ਸਾਹਿਬ ਨੂੰ ਜਬਰੀ ਹਟਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਤਾਲਿਬਾਨ ਕਮਾਂਡਰਾਂ ਨੇ ਪਹਿਲਾਂ ਗੁਰਦੁਆਰੇ ਦੇ ਚੌਕੀਦਾਰ ਨੂੰ ਧਮਕੀ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਮਜਬੂਰ ਕੀਤਾ ਕਿ ਉਹ ਨਿਸ਼ਾਨ ਸਾਹਿਬ ਨੂੰ ਹਟਾ ਦੇਵੇ। ਬਾਅਦ ਵਿੱਚ ਤਾਲਿਬਾਨ ਕਮਾਂਡਰਾਂ ਨੇ ਨਿਸ਼ਾਨ ਸਾਹਿਬ ਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ। ਭਾਰਤ ਸਰਕਾਰ ਨੇ ਇਸ ਲਈ ਸਖਤ ਇਤਰਾਜ ਜਤਾਇਆ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਮੁੜ ਤੋਂ ਪੈਰ ਫੈਲਾਉਣ ਲੱਗਾ ਹੈ। ਪਹਿਲਾਂ ਤਾਲਿਬਾਨੀ ਅੱਤਵਾਦੀ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਨਿਸ਼ਾਨ ਸਾਹਿਬ ਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ। ਤਾਲਿਬਾਨ ਨੇ ਪਕਤੀਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਾਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਨੂੰ ਜ਼ਬਰਦਸਤੀ ਹਟਾਇਆ ਗਿਆ।
ਇੱਕ ਅਫਗਾਨੀ ਨਾਗਰਿਕ ਨਿਦਾਨ ਸਿੰਘ ਸਚਦੇਵਾ ਨੂੰ ਪਿਛਲੇ ਸਾਲ ਅੱਤਵਾਦੀਆਂ ਨੇ ਉਸੇ ਗੁਰਦੁਆਰਾ ਸਾਹਿਬ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਦਹਿਸ਼ਤ ਵਧੀ ਹੈ। ਇੰਨਾ ਹੀ ਨਹੀਂ, ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਵੀ ਤਾਲਿਬਾਨ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਤਾਲਿਬਾਨ ਨੇ ਹਾਲਾਂਕਿ ਦਾਨਿਸ਼ ਸਿੱਦੀਕੀ ਦੀ ਹੱਤਿਆ ਤੋਂ ਇਨਕਾਰ ਕੀਤਾ ਹੈ। ਅਮਰੀਕੀ ਫ਼ੌਜਾਂ ਨੂੰ ਸਤੰਬਰ ਤੱਕ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਬੁਲਾ ਲਿਆ ਜਾਣਾ ਹੈ। ਇਸ ਕਾਰਨ ਤਾਲਿਬਾਨ ਨੇ ਇੱਕ ਵਾਰ ਫਿਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।