Jalandhar
ਲਾੜੀ ਵਿਆਹੁਣ ਤੋਂ ਪਹਿਲਾਂ ਕਿਸਾਨਾਂ ਦੇ ਧਰਨੇ ‘ਚ ਫਸਿਆ Audi ਸਵਾਰ ਲਾੜਾ, ਅੱਗੇ ਕੀ ਹੋਇਆ?

ਜਿੱਥੇ ਅੱਜ ਸੂਬੇ ਭਰ ‘ਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਅੱਜ ਰੇਲ ਗੱਡੀਆਂ, ਬੱਸਾਂ ਅਤੇ ਰਾਸ਼ਟਰੀ ਰਾਜ ਮਾਰਗ ਬੰਦ ਪਏ ਹਨ। ਇੱਥੋ ਤੱਕ ਕਿ ਬਾਜ਼ਾਰਾਂ ਅਤੇ ਸੜਕਾਂ ‘ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ। ਉਥੇ ਹੀ ਇਕ ਔਡੀ (Audi) ਗੱਡੀ ‘ਚ ਸਵਾਰ ਹੋ ਕੇ ਲਾੜਾ ਬਰਾਤ ਲੈ ਕੇ ਜਾ ਰਿਹਾ ਸੀ, ਜਿਸ ਨੂੰ ਰਸਤੇ ਵਿੱਚ ਕਿਸਾਨਾਂ ਵੱਲੋਂ ਰੋਕ ਲਿਆ ਗਿਆ। ਇਸ ਦੌਰਾਨ ਲਾੜੀ ਨੂੰ ਵਿਆਹੁਣ ਲਈ ਜਾ ਰਹੇ ਲਾੜੇ ਨੇ ਵੀ ਹੱਥ ਵਿੱਚ ਝੰਡਾ ਫੜ ਕੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈ ਹੈ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਧੰਨੋਵਾਲੀ ਫਾਟਕ ਨੇੜੇ ਮੋਰਚੇ ‘ਤੇ ਕਿਸਾਨਾਂ ਬੈਠੇ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਆਡੀ ਗੱਡੀ ਵਿਚ ਜਾਂਦੀ ਬਰਾਤ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨੇ ਔਡੀ ‘ਚ ਬੈਠੇ ਲਾੜੇ ਨੂੰ ਗੱਡੀ ਵਿਚੋਂ ਹੇਠਾਂ ਉਤਰਵਾ ਕੇ ਪਹਿਲਾਂ ਤਾਂ ਹੱਥ ਵਿਚ ਕਿਸਾਨੀ ਝੰਡਾ ਫੜਾਇਆ। ਇਸ ਦੌਰਾਨ ਫਿਰ ਲਾੜੇ ਨੇ ਹੱਥ ‘ਚ ਕਿਸਾਨ ਝੰਡਾ ਚੁੱਕ ਕੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਲਾੜੇ ਵੱਲੋਂ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਵੀ ਲਗਾਏ ਗਏ।
ਦੱਸਣਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰੀਬ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਨਵੰਬਰ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕਿਸਾਨ ਆਗੂ ਨੇ ਦੱਸਿਆ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਾ ਚਾਹੁੰਦੇ ਹਨ।