Punjab
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ 13 ਫ਼ਰਵਰੀ ਦਿੱਲੀ ਜਾਣ ਤੋਂ ਰੋਕਣ ਲਈ ਖਿੱਚਿਆ ਤਿਆਰੀਆਂ
ਕਿਸਾਨਾਂ ਨੇ ਇੱਕ ਵਾਰ ਫੇਰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸੰਗਰੂਰ ’ਚ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਗਿਆ, ਪਿੰਡਾਂ ’ਚ ਕਿਸਾਨਾਂ ਵਲੋਂ ਪੰਚਾਇਤਾਂ ਕੀਤੀਆ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਵਾਅਦਾ ਤੋੜ ਦਿੱਤਾ ਹੈ। ਜਿਸ ਕਾਰਨ ਉਹ ਇੱਕ ਵਾਰ ਫੇਰ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਜਾ ਰਹੇ ਹਨ, ਇਸ ਮੌਕੇ ਉਹ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰਨਗੇ।
26 ਨਵੰਬਰ 2020 ‘ਚ ਵੀ ਕਿਸਾਨ ਬੈਰੀਕੇਡ ਤੋੜ ਕੇ ਪਹੁੰਚੇ ਸਨ ਦਿੱਲੀ
ਦੱਸਣਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਸੂਬੇ ਦੇ ਵੱਡੀ ਗਿਣਤੀ ਵਿਚ ਕਿਸਾਨ ਆਪਣੇ ਟਰੈਕਟਰਾਂ ਤੇ ਕਾਰਾਂ ਜੀਪਾਂ ‘ਤੇ ਸਵਾਰ ਹੋ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਰੋਸ ਧਰਨਾ ਦਿੱਤੇ ਜਾਣ ਲਈ ਖਨੌਰੀ ਬਾਰਡਰ ‘ਤੇ ਪਹੁੰਚੇ ਸਨ ਤਾਂ ਉਸ ਵੇਲੇ ਵੀ ਹਰਿਆਣਾ ਪੁਲਿਸ ਦੁਆਰਾ ਬਾਰਡਰ ਪੂਰੀ ਤਰ੍ਹਾਂ ਸੀਲ ਕਰਕੇ ਕਿਸਾਨਾਂ ਨੂੰ ਹਰਿਆਣਾ ‘ਚ ਦਾਖਲ ਹੋਣ ਤੋਂ ਦੋ ਤਿੰਨ ਦਿਨ ਤੱਕ ਰੋਕੀ ਰੱਖਿਆ ਸੀ ਲੇਕਿਨ 26 ਨਵੰਬਰ 2020 ਨੂੰ ਨੌਜਵਾਨ ਕਿਸਾਨਾਂ ਨੇ ਪੁਲਿਸ ਵਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਹਰਿਆਣਾ ਵਿਚ ਪ੍ਰਵੇਸ਼ ਕਰਦਿਆਂ ਦਿੱਲੀ ਵਿਖੇ ਪਹੁੰਚ ਕੇ ਟਿਕਰੀ ਬਾਰਡਰ ‘ਤੇ ਧਰਨਾ ਲਗਾਇਆ ਸੀ।
ਹਰਿਆਣਾ ਸੂਬੇ ਦੀ ਪੁਲਿਸ ਦੁਆਰਾ ਸੰਗਰੂਰ ਦਿੱਲੀ ਮੁੱਖ ਮਾਰਗ ‘ਤੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਨੇੜੇ ਸਥਿਤ ਪੰਜਾਬ ਹਰਿਆਣਾ ਬਾਰਡਰ ‘ਤੇ ਬੈਰੀਕੇਡ ਅਤੇ ਸੀਮਿੰਟ ਦੀਆਂ ਵੱਡੀਆਂ ਵੱਡੀਆਂ ਸਲੈਬਾਂ ਲਿਆ ਕੇ ਧਰ ਦਿੱਤੀਆਂ ਗਈਆਂ ਹਨ, ਜਿਸ ਨਾਲ ਪੰਜਾਬ ਹਰਿਆਣਾ ਨੂੰ ਆਪਸ ਵਿਚ ਜੋੜਨ ਵਾਲੇ ਇਸ ਬਾਰਡਰ ‘ਤੇ ਨਵੰਬਰ 2020 ਵਿਚ ਹੋਏ ਘਟਨਾਕ੍ਰਮ ਦੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ।