Connect with us

Iran–Israel war

ਜੰਗ ਦਾ ਖੌਫਨਾਕ ਰੂਪ: ਧੂੰਏਂ ਤੇ ਤੇਜ਼ਾਬੀ ਵਰਖਾ ਨਾਲ ਫੈਲ ਰਹੀਆਂ ਨੇ ਬਿਮਾਰੀਆਂ !

Published

on

ਇਰਾਨ ਅਤੇ ਇਜ਼ਰਾਈਲ ਵਿਚ ਚੱਲ ਰਹੀ ਜੰਗ ਹੁਣ ਸਿਰਫ਼ ਹਥਿਆਰਾਂ ਦੀ ਲੜਾਈ ਨਹੀਂ ਰਹੀ, ਇਹ ਹੌਲੀ-ਹੌਲੀ ਇਕ ਵੱਡੇ ਸਿਹਤ ਅਤੇ ਵਾਤਾਵਰਣ ਸੰਕਟ ਵਿੱਚ ਬਦਲ ਰਹੀ ਹੈ। ਆਇਲ ਡਿਪੋਜ਼, ਰਿਫਾਈਨਰੀਆਂ ਅਤੇ ਇੰਧਨ ਦੇ ਸਟੋਰਾਂ ‘ਤੇ ਹੋ ਰਹੇ ਹਮਲਿਆਂ ਨਾਲ ਲੱਖਾਂ ਟਨ ਤੇਲ ਸੜ ਰਿਹਾ ਹੈ। ਇਸ ਸੜਨ ਨਾਲ ਨਿਕਲਦਾ ਸੰਘਨਾ ਕਾਲਾ ਧੂੰਆ ਅਸਮਾਨ ਵਿੱਚ ਚੜ੍ਹ ਕੇ ਜਹਿਰੀਲੇ ਬੱਦਲ ਬਣਾਉਂਦਾ ਹੈ, ਜੋ ਅੱਗੇ ਚੱਲ ਕੇ ਤੇਜ਼ਾਬੀ ਵਰਖਾ ਦਾ ਰੂਪ ਧਾਰ ਲੈਂਦਾ ਹੈ। ਇਹ ਵਰਖਾ ਸਿਰਫ਼ ਮੌਸਮ ਦੀ ਗੱਲ ਨਹੀਂ ਰਹਿੰਦੀ, ਇਹ ਲੋਕਾਂ ਦੀ ਜ਼ਿੰਦਗੀ ‘ਤੇ ਸਿੱਧਾ ਹਮਲਾ ਬਣ ਜਾਂਦੀ ਹੈ।

ਧੂੰਏ ਵਿੱਚ ਮੌਜੂਦ ਬਰੀਕ ਜ਼ਹਿਰੀਲੇ ਕਣ (PM2.5) ਸਾਡੀ ਸਾਹ ਪ੍ਰਣਾਲੀ ਵਿੱਚ ਦਾਖ਼ਲ ਹੋ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਲੋਕਾਂ ਨੂੰ ਲਗਾਤਾਰ ਖਾਂਸੀ, ਸਾਹ ਫੁੱਲਣਾ, ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਛੋਟੇ ਬੱਚੇ, ਬੁਜ਼ੁਰਗ ਅਤੇ ਪਹਿਲਾਂ ਤੋਂ ਬਿਮਾਰ ਲੋਕ ਇਸਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ। ਇਹ ਹਾਲਾਤ ਅਸਥਮਾ, ਬ੍ਰੋਂਕਾਈਟਿਸ ਅਤੇ ਫੇਫੜਿਆਂ ਦੇ ਇਨਫੈਕਸ਼ਨ ਨੂੰ ਤੇਜ਼ੀ ਨਾਲ ਵਧਾਉਂਦੇ ਹਨ, ਅਤੇ ਜੇ ਲੰਮਾ ਸਮਾਂ ਚੱਲਣ ਤਾਂ ਫੇਫੜਿਆਂ ਦਾ ਕੈਂਸਰ ਦਾ ਖਤਰਾ ਵੀ ਕਾਫ਼ੀ ਵੱਧ ਜਾਂਦਾ ਹੈ।

ਤੇਜ਼ਾਬੀ ਵਰਖਾ ਨਾਲ ਪਾਣੀ ਦੇ ਸਰੋਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਜਦੋਂ ਇਹ ਜ਼ਹਿਰੀਲੀ ਵਰਖਾ ਦਰਿਆਵਾਂ, ਝੀਲਾਂ ਅਤੇ ਜ਼ਮੀਨ ਦੇ ਪਾਣੀ ਵਿੱਚ ਮਿਲਦੀ ਹੈ, ਤਾਂ ਪਾਣੀ ਪੀਣ ਯੋਗ ਨਹੀਂ ਰਹਿੰਦਾ। ਇਸ ਨਾਲ ਲੋਕਾਂ ਵਿੱਚ ਦਸਤ, ਉਲਟੀਆਂ, ਹੈਜ਼ਾ ਅਤੇ ਟਾਈਫਾਇਡ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਜੰਗ ਦੇ ਦੌਰਾਨ ਪਾਣੀ ਸਾਫ਼ ਕਰਨ ਵਾਲੇ ਪਲਾਂਟਾਂ ਅਤੇ ਪਾਈਪਲਾਈਨਾਂ ‘ਤੇ ਹਮਲੇ ਹੋ ਨਾਲ ਹਾਲਤ ਹੋਰ ਵੀ ਖਰਾਬ ਬਣ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਾਫ਼ ਪਾਣੀ ਦੀ ਕਮੀ ਗੰਭੀਰ ਸੰਕਟ ਬਣ ਸਕਦੀ ਹੈ।

ਇਸਦੇ ਨਾਲ ਹੀ ਇਹ ਵਰਖਾ ਜਦੋਂ ਮਨੁੱਖੀ ਸਰੀਰ ‘ਤੇ ਪੈਂਦੀ ਹੈ ਤਾਂ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਲੋਕਾਂ ਨੂੰ ਖੁਜਲੀ, ਐਲਰਜੀ, ਜਲਣ ਅਤੇ ਅੱਖਾਂ ਵਿੱਚ ਸੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਾਂ ਵਿੱਚ ਪੈਣ ਨਾਲ ਇਹ ਮਿੱਟੀ ਦੀ ਉਪਜਾਊ ਸ਼ਕਤੀ ਘਟਾਉਂਦੀ ਹੈ, ਜਿਸ ਨਾਲ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਖਾਣੇ ਦੀ ਕਮੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ।

ਜੰਗ ਕਾਰਨ ਲੱਖਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ ਅਤੇ ਰਿਫਿਊਜੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਇਨ੍ਹਾਂ ਕੈਂਪਾਂ ਵਿੱਚ ਨਾ ਪੂਰੀ ਸਿਹਤ ਸਹੂਲਤ ਹੈ ਅਤੇ ਨਾ ਹੀ ਸਾਫ਼ ਪਾਣੀ ਅਤੇ ਪੋਸ਼ਟਿਕ ਖੁਰਾਕ। ਇਸ ਕਾਰਨ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਸਕਦੀਆਂ ਹਨ। ਭੁੱਖ, ਡਰ ਅਤੇ ਅਸੁਰੱਖਿਆ ਦਾ ਮਾਹੌਲ ਲੋਕਾਂ ਦੀ ਮਾਨਸਿਕ ਸਿਹਤ ‘ਤੇ ਵੀ ਭਾਰੀ ਅਸਰ ਪਾ ਰਿਹਾ ਹੈ, ਜਿਸ ਨਾਲ ਡਿਪ੍ਰੈਸ਼ਨ ਅਤੇ ਤਣਾਅ ਵੱਧ ਰਹੇ ਹਨ।

ਇਸ ਜੰਗ ਵਿੱਚ ਨਾਗਰਿਕ ਢਾਂਚਿਆਂ, ਸਕੂਲਾਂ ਅਤੇ ਕਾਲਜਾਂ ‘ਤੇ ਹਮਲੇ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਕਿ ਬਹੁਤ ਗੰਭੀਰ ਮਾਮਲਾ ਹੈ। ਇਸ ਨਾਲ ਨਾ ਸਿਰਫ਼ ਮੌਜੂਦਾ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਭਵਿੱਖ ਵੀ ਅੰਧਕਾਰ ਵਿੱਚ ਧੱਕਿਆ ਜਾ ਰਿਹਾ ਹੈ। ਡੋਨਾਲਡ ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ, ਜ਼ਮੀਨ ‘ਤੇ ਸੱਚਾਈ ਇਹ ਹੈ ਕਿ ਆਮ ਲੋਕ ਸਭ ਤੋਂ ਵੱਧ ਨੁਕਸਾਨ ਝੱਲ ਰਹੇ ਹਨ।

ਜੇ ਇਹ ਜੰਗ ਹੋਰ ਲੰਬੀ ਚੱਲਦੀ ਹੈ, ਤਾਂ ਹਾਲਾਤ ਇੰਨੇ ਭਿਆਨਕ ਹੋ ਸਕਦੇ ਹਨ ਕਿ ਬੰਬਾਂ ਅਤੇ ਮਿਸਾਈਲਾਂ ਨਾਲੋਂ ਵੱਧ ਲੋਕ ਪ੍ਰਦੂਸ਼ਣ, ਗੰਦੇ ਪਾਣੀ ਅਤੇ ਬਿਮਾਰੀਆਂ ਨਾਲ ਮਰਨ ਲੱਗ ਪੈਣਗੇ। ਇਹ ਇੱਕ ਐਸੀ ਚੇਤਾਵਨੀ ਹੈ ਜੋ ਸਾਨੂੰ ਦੱਸਦੀ ਹੈ ਕਿ ਜੰਗ ਦਾ ਅਸਲੀ ਨੁਕਸਾਨ ਸਿਰਫ਼ ਮੈਦਾਨ ਵਿੱਚ ਨਹੀਂ ਹੁੰਦਾ, ਬਲਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਲੰਬੇ ਸਮੇਂ ਲਈ ਤਬਾਹ ਕਰ ਜਾਂਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ