Uncategorized
ਦੋ ਭੈਣਾਂ ਦਾ ਇਕਲੌਤਾ ਭਰਾ ਨੇ ਕਾਮਯਾਬੀ ਨਾ ਮਿਲਣ ’ਤੇ ਹਾਰੀ ਜ਼ਿੰਦਗੀ
ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਦੋ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਦਾ ਕਾਰਨ ਮਾਨਸਿਕ ਪਰੇਸ਼ਾਨੀ ਤੇ ਬੇ-ਰੁਜ਼ਗਾਰੀ ਹੈ। ਪੁਲਿਸ ਨੇ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰਖਵਾ ਦਿੱਤੀਆਂ ਹਨ। ਮਿ੍ਰਤਕਾਂ ਦੀ ਪਛਾਣ ਤੇਜਬੀਰ ਸਿੰਘ ਪੁੱਤਰ ਕੇਵਲ ਸਿੰਘ (25 ਸਾਲ) ਵਾਸੀ ਪਿੰਡ ਸੀਕਰੀ ਥਾਣਾ ਬੁੱਲ੍ਹੋਵਾਲ ਤੇ ਲਵਦੀਪ ਕੁਮਾਰ ਪੁੱਤਰ ਗੁਰਦੇਵ ਰਾਜ (22 ਸਾਲ) ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਵਜੋਂ ਪਛਾਣ ਹੋਈ ਹੈ। ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਮਿ੍ਰਤਕ ਤੇਜਬੀਰ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਤੇਜਬੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ।
ਕੇਵਲ ਸਿੰਘ ਨੇ ਦੱਸਿਆ ਕਿ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਾ ਤਾਂ ਉਹ ਵਿਦੇਸ਼ ਜਾ ਸਕਿਆ ਤੇ ਨਾ ਹੀ ਉਸ ਨੂੰ ਕੋਈ ਨੌਕਰੀ ਮਿਲੀ, ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨ ਰਹਿਣ ਲੱਗ ਪਿਆ। ਉਨ੍ਹਾਂ ਦੱਸਿਆ ਬੀਤੇ ਸੋਮਵਾਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ । ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਤੇਜਬੀਰ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿਥੋਂ ਡਾਕਟਰਾਂ ਵੱਲੋਂ ਉਸ ਨੂੰ ਨਿੱਜੀ ਹਸਪਾਤਲ ਵਿਚ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਵੀਰਵਾਰ ਤੜਕਸਾਰ ਡੇਢ ਵਜੇ ਦੇ ਕਰੀਬ ਉਸ ਨੇ ਦਮ ਤੋੜ ਦਿੱਤਾ । ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਤੇਜਬੀਰ ਸਿੰਘ ਦੇ ਪਿਤਾ ਕੇਵਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਮਿ੍ਰਤਕ ਦੇ ਪਿਤਾ ਨੇ ਦੱਸਿਆ ਕਿ ਤੇਜਬੀਰ ਸਿੰਘ ਨੂੰ ਪੰਜਾਬ ’ਚ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਨੇ ਕਈ ਵਾਰ ਕੋਸ਼ਿਸ਼ ਵਿ ਕੀਤੀ ਪਰ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਹਾਸਿਲ ਹੋਈ, ਜਿਸ ਕਾਰਨ ਤੇਜਬੀਰ ਪਰੇਸ਼ਾਨ ਰਹਿਣ ਲੱਗ ਪਿਆ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।
ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮੁਹੱਲਾ ਭਗਤ ਨਗਰ ਦੇ ਨੌਜਵਾਨ ਦੀ ਡੈਮ ’ਚੋਂ ਲਾਸ਼ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ। ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਮਿ੍ਰਤਕ ਲਵਦੀਪ ਕੁਮਾਰ ਪੁੱਤਰ ਗੁਰਦੇਵ ਰਾਜ (22 ਸਾਲ) ਵਾਸੀ ਮੁਹੱਲਾ ਭਗਤ ਨਗਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਦੀਪ ਨੇ ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਵੈਲਡਿੰਗ ਦੀ ਆਈਟੀਆਈ ਕੀਤੀ ਸੀ। ਉਨ੍ਹਾਂ ਦੱਸਿਆ ਲਵਦੀਪ ਜਲੰਧਰ ਰੋਡ ’ਤੇ ਪੈਂਦੀ ਇਕ ਦੁਕਾਨ ਵਿਚ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਦੱਸਿਆ ਬੀਤੀ 14 ਫਰਵਰੀ ਨੂੰ ਉਹ ਘਰੋਂ ਕੰਮ ’ਤੇ ਜਾਣ ਦਾ ਕਹਿ ਕੇ ਗਿਆ ਸੀ, ਪਰ ਸ਼ਾਮ ਨੂੰ ਉਹ ਘਰ ਨਹੀਂ ਪਰਤਿਆ, ਜਿਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਮਾਡਲ ਟਾਊਨ ਵਿਖੇ ਸੂਚਨਾ ਦਿੱਤੀ ਗਈ ।
ਪੁਲਿਸ ਵੱਲੋਂ ਜਦੋਂ ਲਵਦੀਪ ਕੁਮਾਰ ਦੇ ਮੋਬਾਈਲ ਫੋਨ ਦੀ ਲੋਕੇਸ਼ ਟਰੇਸ ਕੀਤਾ ਤਾਂ ਉਸ ਦੀ ਆਖਰੀ ਲੋਕੇਸ਼ ਸਲੇਰਨ ਡੈਮ ਦੇ ਨਜ਼ਦੀਕ ਦੀ ਆ ਰਹੀ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਉਥੇ ਜਾ ਕੇ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਥੋਹ ਪਤਾ ਨਹੀਂ ਲੱਗਾ। ਵੀਰਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਡੈਮ ’ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਡੈਮ ’ਚੋਂ ਇਕ ਲਾਸ਼ ਬਰਾਮਦ ਹੋਈ ਹੈ ਤੇ ਉਸ ਦੀ ਪਛਾਣ ਕਰ ਲਵੋਂ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰ ਥਾਣਾ ਸਦਰ ਦੀ ਪੁਲਿਸ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਉਕਤ ਲਾਸ਼ ਲਵਦੀਪ ਕੁਮਾਰ ਦੀ ਸੀ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਾਤਲ ਵਿਖੇ ਰਖਵਾ ਦਿੱਤੀ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਲਵਦੀਪ ਕੁਮਾਰ ਨੇ ਫੋਜ਼ ’ਚ ਭਰਤੀ ਹੋਣ ਲਈ ਕਈ ਵਾਰ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਉਸ ਨੂੰ ਸਫ਼ਲਤਾ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦਾ ਸੀ।