Punjab
ਇਹ ਲੋਕ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਤੋਂ ਵਾਂਝੇ, ਜਾਣੋ ਵੇਰਵਾ

ਪੰਜਾਬ ਸਰਕਾਰ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਸਕੀਮ ਦੇ ਰਹੀ ਹੈ ਪਰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲਾਭ ਕਈ ਕਿਰਾਏਦਾਰਾਂ ਨੂੰ ਨਹੀਂ ਮਿਲ ਰਿਹਾ। ਘਰਾਂ ਦਾ ਬਿਜਲੀ ਬਿੱਲ ਜ਼ੀਰੋ ‘ਤੇ ਆਉਣ ਦੇ ਬਾਵਜੂਦ ਕਈ ਮਕਾਨ ਮਾਲਕ ਗਲਤ ਹੱਥਕੰਡੇ ਅਪਣਾ ਕੇ ਆਪਣੇ ਕਿਰਾਏਦਾਰਾਂ ਤੋਂ ਬਿਜਲੀ ਦੇ ਬਿੱਲ ਵਸੂਲ ਰਹੇ ਹਨ, ਜਿਸ ਦਾ ਸਿੱਧਾ ਮਾਮਲਾ 420 ਹੈ। ਕਈ ਮਕਾਨ ਮਾਲਕ ਸਬ-ਮੀਟਰ ਲਗਾ ਕੇ ਕਿਰਾਏਦਾਰਾਂ ਨੂੰ ਬਿਜਲੀ ਮੁਹੱਈਆ ਕਰਵਾ ਰਹੇ ਹਨ। ਮੀਟਰ ਵਿੱਚ ਆਉਣ ਵਾਲੀ ਰੀਡਿੰਗ ਲਈ 7 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਿਰਾਏਦਾਰਾਂ ਤੋਂ ਬਿਜਲੀ ਬਿੱਲ ਵਸੂਲਿਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਵੱਡੀਆਂ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।
ਸਬੰਧਤ ਸਬ-ਡਵੀਜ਼ਨ ਨੂੰ ਸ਼ਿਕਾਇਤ ਕਰੋ
ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਰਾਏਦਾਰ ਤੋਂ ਬਿਜਲੀ ਦਾ ਬਿੱਲ ਵਸੂਲਿਆ ਜਾ ਰਿਹਾ ਹੈ ਤਾਂ ਸਬੰਧਤ ਵਿਅਕਤੀ ਆਪਣੇ ਇਲਾਕੇ ਦੀ ਸਬ-ਡਵੀਜ਼ਨ ਵਿੱਚ ਜਾ ਕੇ ਸ਼ਿਕਾਇਤ ਕਰ ਸਕਦਾ ਹੈ। ਇਸ ਸਬੰਧੀ ਸਬੰਧਤ ਬਿਜਲੀ ਦਫ਼ਤਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਉਸ ਦਾ ਮਸਲਾ ਸਬ-ਡਵੀਜ਼ਨ ਵਿੱਚ ਹੱਲ ਨਹੀਂ ਹੁੰਦਾ ਤਾਂ ਉਹ ਆਪਣੇ ਇਲਾਕੇ ਦੇ ਡਿਵੀਜ਼ਨ ਦਫ਼ਤਰ ਵਿੱਚ ਵੀ ਸ਼ਿਕਾਇਤ ਕਰ ਸਕਦਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨੀ ਪਵੇਗੀ।