Punjab
CM ਮਾਨ ਦੀ ਸ਼ੁਕਰਾਨਾ ਯਾਤਰਾ ਦਾ ਤੀਜਾ ਦਿਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ “ਸ਼ੁਕਰਾਨਾ ਯਾਤਰਾ” ਦਾ ਅੱਜ ਤੀਜਾ ਦਿਨ ਹੈ। ਬੇਅਦਬੀ ਬਿਲ ਤੋਂ ਬਾਅਦ ਇਹ ਯਾਤਰਾ ਕੱਢੀ ਜਾ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026 ਨੂੰ ਲਾਗੂ ਕਰਨ ਤੋਂ ਬਾਅਦ ਜਗਤ ਜੋਤ ਪੰਜਾਬ ਵਿਚ ਸ਼ੁਕਰਾਨਾ ਯਾਤਰਾ ਕੱਢ ਰਹੀ ਹੈ।
ਇਸ ਯਾਤਰਾ ਨੂੰ ਲੈਕੇ ਲੋਕਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੀ ਯਾਤਰਾ ਬਠਿੰਡਾ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ ਅਤੇ ਬਰਨਾਲਾ ਰਾਹੀਂ ਗੁਜ਼ਰੇਗੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਤਿਆਰ ਹਨ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਤਲਵੰਡੀ ਸਾਬੋ ਵਿੱਚ ਵੀ ਉਹ ਗੁਰੂ ਘਰ ਵਿੱਚ ਮੱਥਾ ਟੇਕ ਕੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕਰਨਗੇ। ਸਿੱਖ ਇਤਿਹਾਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਬਹੁਤ ਵੱਡੀ ਮਹੱਤਤਾ ਹੈ ਅਤੇ ਮੁੱਖ ਮੰਤਰੀ ਦਾ ਇੱਥੇ ਪਹੁੰਚਣਾ ਧਾਰਮਿਕ ਅਤੇ ਰਾਜਨੀਤਿਕ ਦੋਵੇਂ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸ਼ੁਕਰਾਨਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਮੁੱਖ ਮੰਤਰੀ ਦਾ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਕਈ ਥਾਵਾਂ ’ਤੇ ਢੋਲ-ਨਗਾੜਿਆਂ ਨਾਲ ਲੋਕਾਂ ਨੇ ਆਪਣੇ ਚੁਣੇ ਹੋਏ ਨੇਤਾ ਦਾ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ ਅਤੇ ਬਜ਼ੁਰਗ ਇਸ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯਾਤਰਾ ਕਿਸੇ ਰਾਜਨੀਤਿਕ ਰੈਲੀ ਲਈ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਪਿਆਰ ਅਤੇ ਵਿਸ਼ਵਾਸ ਦਿੱਤਾ ਹੈ, ਉਸ ਲਈ ਉਹ ਹਮੇਸ਼ਾ ਕਰਜ਼ਦਾਰ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਇਸ ਦੌਰਾਨ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਯਾਤਰਾ ਦੇ ਹਰ ਪੜਾਅ ’ਤੇ ਤੈਨਾਤ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਟ੍ਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
ਯਾਤਰਾ ਦੇ ਅਗਲੇ ਪੜਾਅ ਵਿੱਚ ਮੁੱਖ ਮੰਤਰੀ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਜਾਣਗੇ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਣਗੇ।
