Uncategorized
ਹਜ਼ਾਰਾ ਦਲਿਤ ਵਿਦਿਆਰਥੀ ਸਿੱਖਿਆਂ ਤੋਂ ਕੈਪਟਨ ਸਰਕਾਰ ਦੇ ਭ੍ਰਿਸ਼ਟਾਚਾਰ ਕਾਰਨ ਹੋ ਰਹੇ ਵਾਂਝੇ – ਹਰਪਾਲ ਸਿੰਘ ਚੀਮਾ
ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਨਾ ਮਿਲਣ ਕਾਰਨ ਉਨ੍ਹਾਂ ਨੂੰ ਹੋ ਰਹੀ ਪ੍ਰੇਸ਼ਾਨੀ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੁੱਕਿਆ ਮੁੱਦਾ। ਵਿਧਾਨ ਸਭਾ ਸੈਸ਼ਨ ਤੋਂ ਪਹਿਲਾ ਆਪ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਦਲਿਤਾਂ ਦੀ ਆਵਾਜ ਚੁੱਕਦੇ ਹੋਏ ਚੰਡੀਗੜ੍ਹ ਦੇ ਐਮਐਲਏ ਹੋਸਟਲ ਤੋਂ ਪੰਜਾਬ ਵਿਧਾਨ ਸਭਾ ਤੱਕ ਪੈਦਲ ਮਾਰਚ ਕੀਤਾ। ਮਾਰਚ ਵਿੱਚ ਉਨ੍ਹਾਂ ਨਾਲ ਕਈ ਦਲਿਤ ਅਧਿਕਾਰ ਵਰਕਰ ਵੀ ਸ਼ਾਮਲ ਹੋਏ। ਵਰਕਰਾਂ ਅਤੇ ਵਿਧਾਇਕਾਂ ਨੇ ਦਲਿਤਾਂ ਦੇ ਹੱਕ ਨਾਅਰੇਬਾਜ਼ੀ ਕਰਦੇ ਹੋਏ ਅਤੇ ਕੈਪਟਨ ਸਰਕਾਰ ਉੱਤੇ ਦਲਿਤਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਦਾ ਦੋਸ਼ ਲਗਾਇਆ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਦਲਿਤ ਵਿਦਿਆਰਥੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਕਾਲੀ-ਭਾਜਪਾ ਸ਼ਾਸਨ ਦੌਰਾਨ ਵੀ ਦਲਿਤਾਂ ਦੇ ਕਲਿਆਣ ਫੰਡ ਵਿੱਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ। ਹੁਣ ਉਸੇ ਤਰ੍ਹਾਂ ਦਾ ਘਪਲਾ ਕਾਂਗਰਸ ਸਰਕਾਰ ਕਰ ਰਹੀ ਹੈ।
ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਵਜੀਫਾ ਲਈ ਪੰਜਾਬ ਸਰਕਾਰ ਨੂੰ 1423 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਪ੍ਰੰਤੂ ਰਾਜ ਸਰਕਾਰ ਨੇ ਅਜੇ ਤੱਕ ਸੈਂਕੜੇ ਕਾਲਜਾਂ ਦਾ 1853 ਕਰੋੜ ਰੁਪਏ ਬਕਾਇਆ ਨਹੀਂ ਦਿੱਤਾ । ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਕਿ ਕੇਂਦਰ ਸਰਕਾਰ ਸੂਬੇ ਨੂੰ ਪੋਸਟ ਮੈਟ੍ਰਿਕ ਵਜੀਫੇ ਦੇ ਤਹਿਤ ਮਿਲਣ ਵਾਲਾ ਫੰਡ ਰੋਕ ਰਹੀ ਹੈ। ਆਰਟੀਆਈ ਰਾਹੀਂ ਜਵਾਬ ਤੋਂ ਸਾਫ ਪਤਾ ਚਲਦਾ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸਕਾਲਰਸ਼ਿਪ ਫੰਡ ਦਾ ਪੈਸਾ ਦੇ ਦਿੱਤਾ ਹੈ।
ਸਕਾਲਰਸ਼ਿਪ ਦੇ ਮੁੱਦੇ ਉਤੇ ਕੈਪਟਨ ਨੇ ਹਮੇਸ਼ਾ ਲੋਕਾਂ ਨਾਲ ਝੂਠ ਬੋਲਿਆ ਅਤੇ ਉਨ੍ਹਾਂ ਦੇ ਮੰਤਰੀ ਨੇ ਗਰੀਬ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੈਸੇ ਵਿੱਚ ਘਪਲਾ ਕੀਤਾ। ਕੈਪਟਨ ਨੂੰ 2017 ਵਿੱਚ ਸੱਤਾ ਵਿੱਚ ਲਿਆਉਣ ਵਾਲੇ ਦਲਿਤ ਭਾਈਚਾਰੇ ਨੂੰ ਹੁਣ ਉਹ ਲਗਾਤਾਰ ਦਬਾਉਣ ਦਾ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਸ਼ਾਸਨ ਵਿੱਚ ਗਰੀਬ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ, ਸਕਾਲਰਸ਼ਿਪ ਨਾ ਮਿਲਣ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੀ ਡਿਗਰੀ ਰੁਕੀ ਹੋਈ ਹੈ ਅਤੇ ਸੈਂਕੜੇ ਕਾਲਜ ਬੰਦ ਹੋਣ ਕਿਨਾਰੇ ਹਨ।
ਕੈਪਟਨ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਪੈਦਲ ਮਾਰਚ ਵਿੱਚ ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਪ੍ਰਿੰਸੀਪਲ ਬੁਧ ਰਾਮ, ਜਗਤਾਰ ਸਿੰਘ ਹਿਸੋਵਾਲ, ਕੁਲਵੰਤ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਹੋਰ ਆਪ ਆਗੂ ਸ਼ਾਮਲ ਸਨ।