Delhi
ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ

18 ਸਤੰਬਰ 2023: ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਅੱਜ ਸੈਸ਼ਨ ਦਾ ਪਹਿਲਾ ਦਿਨ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੋਕ ਸਭਾ ਵਿੱਚ ਬੋਲ ਸਕਦੇ ਹਨ। 75 ਸਾਲਾਂ ਦੇ ਸੰਸਦੀ ਸਫ਼ਰ, ਪ੍ਰਾਪਤੀਆਂ, ਤਜ਼ਰਬਿਆਂ, ਯਾਦਾਂ ਅਤੇ ਸਿੱਖਿਆਵਾਂ ‘ਤੇ ਰਾਜ ਸਭਾ ‘ਚ ਚਰਚਾ ਹੋਵੇਗੀ।
ਵਿਸ਼ੇਸ਼ ਸੈਸ਼ਨ ਵਿੱਚ ਪੰਜ ਮੀਟਿੰਗਾਂ ਹੋਣਗੀਆਂ। ਇਹ 17ਵੀਂ ਲੋਕ ਸਭਾ ਦਾ 13ਵਾਂ ਅਤੇ ਰਾਜ ਸਭਾ ਦਾ 261ਵਾਂ ਸੈਸ਼ਨ ਹੋਵੇਗਾ। ਇਸ ਦੌਰਾਨ ਚਾਰ ਬਿੱਲ ਪੇਸ਼ ਕੀਤੇ ਜਾਣਗੇ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਸਵਾਲ-ਜਵਾਬ ਕਰਨ ਲਈ 9 ਮੁੱਦਿਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੈਸ਼ਨ ਵਿੱਚ ਵਿਰੋਧੀ ਗਠਜੋੜ I.N.D.I.A ਦੀਆਂ 24 ਪਾਰਟੀਆਂ ਹਿੱਸਾ ਲੈਣਗੀਆਂ।
ਇਸ ਤੋਂ ਪਹਿਲਾਂ 17 ਸਤੰਬਰ ਨੂੰ ਉਪ ਪ੍ਰਧਾਨ ਜਗਦੀਪ ਧਨਖੜ ਨੇ ਨਵੀਂ ਸੰਸਦ ਭਵਨ ਵਿਖੇ ਤਿਰੰਗਾ ਲਹਿਰਾਇਆ ਸੀ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਹੋਈ। ਇਸ ਦੌਰਾਨ ਕਈ ਪਾਰਟੀਆਂ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪੇਸ਼ ਕਰਨ ਅਤੇ ਪਾਸ ਕਰਵਾਉਣ ਦੀ ਜ਼ੋਰਦਾਰ ਵਕਾਲਤ ਕੀਤੀ।