Connect with us

Punjab

TRUMP ਦੀ ਤਾਨਾਸ਼ਾਹੀ ਅਤੇ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ !

Published

on

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਪਾਰੀ ਨੇ ਸੰਸਾਰ ਦੀ ਰਾਜਨੀਤੀ ਨੂੰ ਇੱਕ ਵਾਰ ਫਿਰ ਅਨਿਸ਼ਚਿਤਤਾ ਅਤੇ ਖ਼ਤਰੇ ਵੱਲ ਧੱਕ ਦਿੱਤਾ ਹੈ। ਟਰੰਪ ਦੀ ਨੀਤੀ ਦਾ ਕੇਂਦਰ ਸ਼ਾਂਤੀ, ਸੰਵਾਦ ਜਾਂ ਅੰਤਰਰਾਸ਼ਟਰੀ ਕਾਨੂੰਨ ਨਹੀਂ, ਸਗੋਂ ਦਬਦਬਾ, ਧਮਕੀ ਅਤੇ ਤਾਕਤ ਦਾ ਪ੍ਰਦਰਸ਼ਨ ਬਣ ਚੁੱਕਾ ਹੈ। ਦੂਜੀ ਵਾਰ ਸੱਤਾ ਸੰਭਾਲਦੇ ਹੀ ਉਸ ਵੱਲੋਂ ਟੈਰਿਫ ਵਾਰ ਸ਼ੁਰੂ ਕਰ ਦੇਣੀ, ਛੋਟੇ-ਵੱਡੇ ਦੇਸ਼ਾਂ ਨੂੰ ਆਰਥਿਕ ਅਤੇ ਸੈਨਿਕ ਧਮਕੀਆਂ ਦੇਣੀਆਂ ਅਤੇ ਆਪਣੇ ਹਿੱਤਾਂ ਲਈ ਖੁੱਲ੍ਹੀ ਹਿੰਸਾ ਵਰਤਣੀ—ਇਹ ਸਭ ਉਸਦੀ ਤਾਨਾਸ਼ਾਹੀ ਸੋਚ ਨੂੰ ਸਾਫ਼ ਦਰਸਾਉਂਦਾ ਹੈ।

ਟਰੰਪ ਵੱਲੋਂ ਚਲਾਈ ਗਈ ਟੈਰਿਫ ਵਾਰ ਸਿਰਫ਼ ਵਪਾਰਕ ਨੀਤੀ ਨਹੀਂ ਰਹੀ, ਇਹ ਅਮਰੀਕਾ ਦੀ ਵਿਦੇਸ਼ ਨੀਤੀ ਦਾ ਹਥਿਆਰ ਬਣ ਗਈ ਹੈ। ਜੋ ਦੇਸ਼ ਅਮਰੀਕਾ ਦੇ ਹੁਕਮਾਂ ‘ਤੇ ਨਹੀਂ ਚੱਲਦੇ, ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਵਿਸ਼ਵ ਅਰਥਵਿਵਸਥਾ ਵਿੱਚ ਅਸਥਿਰਤਾ ਵਧ ਰਹੀ ਹੈ, ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨ ਅਤੇ ਦੇਸ਼ਾਂ ਦਰਮਿਆਨ ਤਣਾਅ ਗਹਿਰਾ ਹੋ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਆਰਥਿਕ ਜੰਗ ਲੰਬੀ ਖਿੱਚ ਜਾਂਦੀ ਹੈ, ਉਹ ਆਖ਼ਰਕਾਰ ਸੈਨਿਕ ਟਕਰਾਅ ਵਿੱਚ ਬਦਲ ਜਾਂਦੀ ਹੈ।

ਵੇਨੁਜੇਏਲਾ ‘ਤੇ ਕੀਤਾ ਗਿਆ ਹਮਲਾ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਅੰਤਰਰਾਸ਼ਟਰੀ ਕਾਨੂੰਨ ਲਈ ਖੁੱਲ੍ਹੀ ਚੁਣੌਤੀ ਹੈ। ਡਰੱਗ ਤਸਕਰੀ ਅਤੇ ਗੈਰਕਾਨੂੰਨੀ ਪਰਵਾਸ ਦੇ ਦੋਸ਼ ਲਗਾ ਕੇ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਕਰਨਾ ਇਹ ਸਾਬਤ ਕਰਦਾ ਹੈ ਕਿ ਟਰੰਪ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦਾ ਹੈ। ਅਸਲ ਵਿੱਚ ਵੇਨੁਜੇਏਲਾ ਦੇ ਵਿਸ਼ਾਲ ਤੇਲ ਭੰਡਾਰ ਉੱਪਰ ਅਮਰੀਕਾ ਦੀ ਅੱਖ ਹੈ। ਕੁਦਰਤੀ ਸਰੋਤਾਂ ਲਈ ਕੀਤੀ ਜਾ ਰਹੀ ਇਹ ਲੜਾਈ ਸੰਸਾਰ ਨੂੰ ਇੱਕ ਵਾਰ ਫਿਰ ਉਸ ਦੌਰ ਦੀ ਯਾਦ ਦਿਵਾਉਂਦੀ ਹੈ, ਜਿੱਥੇ ਤਾਕਤਵਰ ਦੇਸ਼ ਕਮਜ਼ੋਰ ਦੇਸ਼ਾਂ ਨੂੰ ਕੁਚਲ ਕੇ ਆਪਣੇ ਹਿੱਤ ਸਾਧਦੇ ਸਨ।

ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ‘ਤੇ ਦਿੱਤੀ ਗਈ ਧਮਕੀ ਵੀ ਟਰੰਪ ਦੀ ਹਠਧਰਮੀ ਅਤੇ ਅਹੰਕਾਰ ਨੂੰ ਦਰਸਾਉਂਦੀ ਹੈ। ਹਰ ਦੇਸ਼ ਨੂੰ ਆਪਣੀ ਊਰਜਾ ਸੁਰੱਖਿਆ ਅਤੇ ਆਰਥਿਕ ਲੋੜਾਂ ਅਨੁਸਾਰ ਫੈਸਲੇ ਕਰਨ ਦਾ ਹੱਕ ਹੈ, ਪਰ ਟਰੰਪ ਇਸ ਅਸੂਲ ਨੂੰ ਨਹੀਂ ਮੰਨਦਾ। ਭਾਰਤ ਵਰਗੇ ਵੱਡੇ ਦੇਸ਼ ਨੂੰ ਟੈਰਿਫ ਵਧਾਉਣ ਦੀ ਧਮਕੀ ਦੇਣਾ ਦਰਅਸਲ ਪੂਰੇ ਵਿਕਾਸਸ਼ੀਲ ਸੰਸਾਰ ਲਈ ਚੇਤਾਵਨੀ ਹੈ ਕਿ ਅਮਰੀਕਾ ਦੀ ਨੀਤੀ ਨਾਲ ਅਸਹਿਮਤੀ ਦੀ ਕੀਮਤ ਚੁਕਾਉਣੀ ਪਵੇਗੀ।
ਜੇ ਟਰੰਪ ਦੀ ਇਹ ਤਾਨਾਸ਼ਾਹੀ ਨੀਤੀ ਇੰਝ ਹੀ ਜਾਰੀ ਰਹੀ ਤਾਂ ਛੋਟੇ ਦੇਸ਼ਾਂ ‘ਤੇ ਹਮਲੇ, ਆਰਥਿਕ ਪਾਬੰਦੀਆਂ, ਸੈਨਿਕ ਦਖ਼ਲ ਅਤੇ ਧਮਕੀਆਂ ਨਾਲ ਸੰਸਾਰ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕਿਆ ਜਾ ਰਿਹਾ ਹੈ। ਅੱਜ ਜੋ ਅੱਗ ਵਪਾਰਕ ਜੰਗਾਂ ਅਤੇ ਖੇਤਰੀ ਟਕਰਾਵਾਂ ਦੇ ਰੂਪ ਵਿੱਚ ਸੁਲਗ ਰਹੀ ਹੈ, ਕੱਲ੍ਹ ਉਹ ਵਿਸ਼ਵ ਪੱਧਰੀ ਯੁੱਧ ਦਾ ਰੂਪ ਧਾਰ ਸਕਦੀ ਹੈ। ਇਸ ਲਈ ਸੰਸਾਰ ਦੇ ਦੇਸ਼ਾਂ ਲਈ ਇਹ ਸਮਾਂ ਹੈ ਕਿ ਉਹ ਤਾਨਾਸ਼ਾਹੀ ਦੇ ਖ਼ਿਲਾਫ਼ ਇਕਜੁੱਟ ਹੋਣ, ਨਹੀਂ ਤਾਂ ਟਰੰਪ ਦੀ ਇਹ ਅਹੰਕਾਰਪੂਰਨ ਨੀਤੀ ਪੂਰੀ ਮਨੁੱਖਤਾ ਲਈ ਭਾਰੀ ਵਿਨਾਸ਼ ਦਾ ਕਾਰਨ ਬਣ ਸਕਦੀ ਹੈ।

ਕੁਲਵੰਤ ਸਿੰਘ ਗੱਗੜਪੁਰੀ