Ludhiana
ਲੁਧਿਆਣਾ ‘ਚ 5 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਗੈਂਗਸਟਰ ਬਣ ਕੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਸੁਨੀਲ ਕੋਲੋਂ ਅੰਤਰਰਾਸ਼ਟਰੀ ਨੰਬਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ। ਬਦਮਾਸ਼ਾਂ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ। ਸੁਨੀਲ ਨੇ ਮਾਮਲੇ ਦੀ ਸ਼ਿਕਾਇਤ ਫੋਕਲ ਪੁਆਇੰਟ ਪੁਲਿਸ ਨੂੰ ਕੀਤੀ।
ਐਸਐਚਓ ਅਮਨਦੀਪ ਸਿੰਘ ਬਰਾੜ ਨੇ ਬਦਮਾਸ਼ਾਂ ਨੂੰ ਫੜਨ ਲਈ ਜਾਲ ਵਿਛਾਇਆ। ਸੁਨੀਲ ਨੇ ਬਦਮਾਸ਼ਾਂ ਨਾਲ ਗੱਲ ਕੀਤੀ ਤਾਂ ਦੋਵਾਂ ਵਿਚਾਲੇ ਡੇਢ ਲੱਖ ਰੁਪਏ ‘ਚ ਸੌਦਾ ਤੈਅ ਹੋ ਗਿਆ। ਸੁਨੀਲ ਨੇ ਬਦਮਾਸ਼ਾਂ ਨੂੰ ਪੈਸੇ ਲੈਣ ਲਈ ਕੈਂਡਲ ਨਹਿਰ ਨੇੜੇ ਬੁਲਾਇਆ। ਜਿਵੇਂ ਹੀ ਬਦਮਾਸ਼ ਉਕਤ ਸਥਾਨ ‘ਤੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਦਬੋਚ ਲਿਆ। ਦੋਵੇਂ ਮੁਲਜ਼ਮ ਸਾਹਨੇਵਾਲ ਦੇ ਰਹਿਣ ਵਾਲੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਲੇਸ਼ੀਆ ਵਿੱਚ ਰਹਿੰਦੇ ਆਪਣੇ ਭਰਾ ਦੇ ਨੰਬਰ ਤੋਂ ਫੋਨ ਕੀਤਾ ਸੀ।
ਮੁਲਜ਼ਮ ਕੋਲੋਂ ਨਕਲੀ ਪਿਸਤੌਲ ਬਰਾਮਦ
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਉਹ ਖ਼ੁਦ ਮੌਕੇ ’ਤੇ ਪੁੱਜੇ। ਪੁਲਿਸ ਨੇ ਬਦਮਾਸ਼ਾਂ ਕੋਲੋਂ ਇੱਕ ਨਕਲੀ ਪਿਸਤੌਲ ਅਤੇ ਦਾਤਰ ਵੀ ਬਰਾਮਦ ਕੀਤਾ ਹੈ। ਫਿਲਹਾਲ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਸੀਪੀ ਸਿੱਧੂ ਸਮੇਤ ਏਡੀਸੀਪੀ ਤੁਸ਼ਾਰ ਗੁਪਤਾ ਹਾਜ਼ਰ ਸਨ।