India
ਅਮਰੀਕਾ-ਚੀਨ ਦੀ ਪਾਕਿਸਤਾਨ ਨਾਲ ਨੇੜਤਾ, ਭਾਰਤ ਦੇ ਸਾਹਮਣੇ ਵੱਡੀ ਰਣਨੀਤਿਕ ਚੁਣੌਤੀ
ਭਾਰਤ ਲਈ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਦੇ ਨਵੇਂ ਖੇਡ ਨੇ ਭਾਰਤ ਲਈ ਸਿਆਸੀ ਅਤੇ ਆਰਥਿਕ ਪੈਮਾਨਿਆਂ ‘ਤੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇੱਕ ਪਾਸੇ ਅਮਰੀਕਾ ਪਾਕਿਸਤਾਨ ਨਾਲ ਨੇੜਤਾ ਵਧਾ ਰਿਹਾ ਹੈ ਤਾਂ ਦੂਜੇ ਪਾਸੇ ਚੀਨ ਨਾ ਸਿਰਫ਼ ਪਾਕਿਸਤਾਨ ਨੂੰ ਸੁਰੱਖਿਆਕ ਤੌਰ ’ਤੇ ਮਜ਼ਬੂਤ ਕਰ ਰਿਹਾ ਹੈ, ਬਲਕਿ ਭਾਰਤ ਵਿਰੁੱਧ ਕਈ ਮੌਕਿਆਂ ’ਤੇ ਨਰਮ ਦਿਲੀ ਵੀ ਨਹੀਂ ਦਿਖਾ ਰਿਹਾ।
ਅਮਰੀਕਾ ਨੇ ਪਿਛਲੇ ਦਿਨੀਂ ਪਹਿਲਾਂ ਪਾਕਿਸਤਾਨ ਦੇ ਫੌਜੀ ਮੁਖੀ ਨਾਲ, ਫਿਰ ਪ੍ਰਧਾਨ ਮੰਤਰੀ ਨਾਲ ਉੱਚ ਪੱਧਰੀ ਗੱਲਬਾਤ ਕੀਤੀ। ਇਹ ਕਦਮ ਦਰਸਾਉਂਦਾ ਹੈ ਕਿ ਵਾਸ਼ਿੰਗਟਨ ਇੱਕ ਵਾਰ ਫਿਰ ਇਸਲਾਮਾਬਾਦ ਵੱਲ ਝੁਕ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਭਾਰਤ ਵਿਰੁੱਧ ਨਵੇਂ-ਨਵੇਂ ਆਰਥਿਕ ਕਦਮ ਚੁੱਕੇ ਗਏ ਹਨ। ਪਹਿਲਾਂ ਭਾਰਤੀ ਵਸਤਾਂ ਉੱਤੇ 50 ਫੀਸਦੀ ਟੈਰਿਫ਼ ਲਗਾਇਆ ਗਿਆ ਸੀ ਅਤੇ ਹੁਣ ਭਾਰਤੀ ਦਵਾਈਆਂ ਉੱਤੇ 100 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲੇ ਭਾਰਤ ਦੀ ਦਵਾਈ ਉਦਯੋਗ ਲਈ ਵੱਡੀ ਚੁਣੌਤੀ ਹਨ ਕਿਉਂਕਿ ਦਵਾਈਆਂ ਦਾ ਨਿਰਯਾਤ ਭਾਰਤੀ ਆਰਥਿਕਤਾ ਦਾ ਅਹਿਮ ਹਿੱਸਾ ਹੈ।
ਦੂਜੇ ਪਾਸੇ, ਚੀਨ ਨੇ ਮਈ ਮਹੀਨੇ ਵਿੱਚ ਭਾਰਤ-ਪਾਕਿਸਤਾਨ ਤਣਾਅ ਦੇ ਸਮੇਂ ਖੁੱਲ੍ਹ ਕੇ ਪਾਕਿਸਤਾਨ ਦਾ ਪੱਖ ਲਿਆ ਸੀ। ਰਿਪੋਰਟਾਂ ਮੁਤਾਬਕ, ਚੀਨੀ ਰਡਾਰ ਸਿਸਟਮ ਰਾਹੀਂ ਭਾਰਤੀ ਜਹਾਜ਼ਾਂ ਦੀ ਹਿਲਚਲ ਬਾਰੇ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ ਗਈ। ਹੁਣ ਲੇਹ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਹ ਸ਼ੱਕ ਵੀ ਜ਼ਾਹਰ ਕੀਤਾ ਹੈ ਕਿ ਵਿਦਰੋਹ ਨੂੰ ਉਕਸਾਉਣ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ।
ਇਸ ਸਾਰੇ ਘਟਨਾਕ੍ਰਮ ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਵਪਾਰਕ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਅਤੇ ਸਰਹੱਦੀ ਤਣਾਅ ਨੂੰ ਘਟਾਉਣ ਉੱਤੇ ਗੱਲਬਾਤ ਹੋਈ। ਭਾਵੇਂ ਇਹ ਗੱਲਬਾਤ ਕਾਫੀ ਲਾਭ ਲਦਾਇਕ ਲੱਗੀ ਪਰ ਹਕੀਕਤ ਇਹ ਹੈ ਕਿ ਚੀਨ ਪਾਕਿਸਤਾਨ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰ ਰਿਹਾ ਹੈ ਅਤੇ ਭਾਰਤ ਨੂੰ ਲਗਾਤਾਰ ਦਬਾਅ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਿਦਵਾਨਾਂ ਦਾ ਮੰਨਣਾ ਹੈ ਕਿ ਭਾਰਤ ਇਸ ਸਮੇਂ “ਦੋਹਰੀ ਪੈੜ” ਵਿੱਚ ਹੈ। ਇੱਕ ਪਾਸੇ ਅਮਰੀਕਾ ਪਾਕਿਸਤਾਨ ਨਾਲ ਰਿਸ਼ਤੇ ਨਵੀਂ ਰਫ਼ਤਾਰ ਨਾਲ ਅੱਗੇ ਵਧਾ ਰਿਹਾ ਹੈ, ਦੂਜੇ ਪਾਸੇ ਚੀਨ ਵੀ ਭਾਰਤ ਵਿਰੁੱਧ ਖੇਡ ਰਚ ਰਿਹਾ ਹੈ। ਅਜਿਹੇ ਵਿੱਚ ਭਾਰਤ ਲਈ ਸਭ ਤੋਂ ਵੱਡੀ ਲੋੜ ਸੰਤੁਲਨ ਬਣਾਈ ਰੱਖਣ ਦੀ ਹੈ।
ਭਾਰਤ ਨੂੰ ਇਸ ਸਮੇਂ ਹੇਠ ਲਿਖੇ ਸੰਭਾਵੀ ਕਦਮ ਚੁੱਕਣ ਦੀ ਲੋੜ:-
1. ਰਾਜਨੀਤਿਕ ਮੋਰਚਾ – ਭਾਰਤ ਨੂੰ ਗਲੋਬਲ ਪੱਧਰ ’ਤੇ ਆਪਣੀ ਮਜ਼ਬੂਤ ਹਾਜ਼ਰੀ ਕਾਇਮ ਰੱਖਣੀ ਹੋਵੇਗੀ। ਯੂਰਪ, ਰੂਸ, ਜਪਾਨ, ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਕੇ ਅਮਰੀਕਾ ਅਤੇ ਚੀਨ ’ਤੇ ਨਿਰਭਰਤਾ ਘਟਾਈ ਜਾ ਸਕਦੀ ਹੈ।
2. ਆਰਥਿਕ ਮੋਰਚਾ – ਦਵਾਈਆਂ ਅਤੇ ਹੋਰ ਨਿਰਯਾਤ ਉੱਤੇ ਲੱਗੇ ਟੈਰਿਫ਼ ਦੇ ਬਦਲੇ ਨਵੇਂ ਬਜ਼ਾਰ ਲੱਭਣੇ ਜ਼ਰੂਰੀ ਹਨ। ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕਰਕੇ “ਮੇਕ ਇਨ ਇੰਡੀਆ” ਨੂੰ ਹੋਰ ਗਤੀ ਦੇਣੀ ਹੋਵੇਗੀ।
3. ਸੁਰੱਖਿਆ ਮੋਰਚਾ – ਸਰਹੱਦਾਂ ਨੂੰ ਹੋਰ ਮਜ਼ਬੂਤ ਬਣਾਉਣਾ, ਆਧੁਨਿਕ ਤਕਨਾਲੋਜੀ ਵਿੱਚ ਨਿਵੇਸ਼ ਕਰਨਾ ਅਤੇ ਇੰਟੈਲੀਜੈਂਸ ਸਾਂਝੇਦਾਰੀ ਪ੍ਰਣਾਲੀ ਨੂੰ ਵਧਾਉਣਾ ਲਾਜ਼ਮੀ ਹੈ।
4. ਅੰਦਰੂਨੀ ਸਥਿਰਤਾ – ਜੰਮੂ-ਕਸ਼ਮੀਰ ਅਤੇ ਲੇਹ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਲੋਕਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਧਿਆਨ ਦੇਣਾ ਪਵੇਗਾ। ਲੋਕਾਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਭਰਮਾਉਣ ਤੋਂ ਬਚਾਉਣ ਲਈ ਸਰਕਾਰ ਨੂੰ ਸੰਵਾਦ ਅਤੇ ਵਿਕਾਸ ਦੋਵੇਂ ਰਾਹੀਂ ਵਿਸ਼ਵਾਸ ਜਿੱਤਣਾ ਪਵੇਗਾ।
5. ਬਹੁਪੱਖੀ ਪਲੇਟਫਾਰਮ – ਭਾਰਤ ਨੂੰ G20, BRICS, SCO ਵਰਗੇ ਮੰਚਾਂ ’ਤੇ ਆਪਣੀ ਭੂਮਿਕਾ ਮਜ਼ਬੂਤ ਕਰਨੀ ਚਾਹੀਦੀ ਹੈ ਤਾਂ ਕਿ ਖੇਤਰੀ ਸੰਤੁਲਨ ਕਾਇਮ ਰਹੇ।
ਭਾਰਤ ਲਈ ਇਹ ਸਮਾਂ ਚੁਣੌਤੀਪੂਰਨ ਹੈ ਪਰ ਸੰਤੁਲਿਤ ਕਦਮ, ਵੱਖ-ਵੱਖ ਸਾਂਝੇਦਾਰਾਂ ਨਾਲ ਰਣਨੀਤਿਕ ਗਠਜੋੜ ਅਤੇ ਅੰਦਰੂਨੀ ਮਜ਼ਬੂਤੀ ਰਾਹੀਂ ਇਹ ਸਥਿਤੀ ਮੌਕੇ ਵਿੱਚ ਬਦਲੀ ਜਾ ਸਕਦੀ ਹੈ।

