Corona Virus
ਵੇਰਕਾ ਦੁੱਧ ਵੱਲੋਂ ਵੱਡਾ ਉਪਰਾਲਾ, ਘਰ-ਘਰ ਪਹੁੰਚਿਆ ਦੁੱਧ, ਇਕੱਠ ਨਾ ਕਰਨ ਦੀ ਕੀਤੀ ਅਪੀਲ

ਬਠਿੰਡਾ,24 ਮਾਰਚ 2020-: ਦੁਨੀਆਂ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ਕਰਫਿਊ ਲਗਾਏ ਗਏ ਹਨ। ਇਸੇ ਦੌਰਾਨ ਲੋਕਾਂ ਤੱਕ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਪਹਿਲ ਕੀਤੀ ਹੈ। ਇਸ ਤਹਿਤ ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਨੇ ਬਠਿੰਡਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਦੀ ਕਮਾਂਡ ਸੰਭਾਲੀ ਹੈ। ਸਵੇਰੇ ਵੇਰਕਾ ਦੇ ਵਾਹਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਵੇਰਕਾ ਸਟਾਫ਼ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮੰਗ ਅਨੁਸਾਰ ਦੁੱਧ ਸਪਲਾਈ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਰਫ਼ਿਊ ਦੌਰਾਨ ਅਤਿ ਜ਼ਰੂਰੀ ਵਸਤਾਂ ਦੀ ਸਪਲਾਈ ਲੋਕਾਂ ਤੱਕ ਯਕੀਨੀ ਬਣਾਉਣ ਲਈ ਉਪਰਾਲੇ ਜ਼ਾਰੀ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੇਰਕਾ ਦੇ ਵਾਹਨ ਉਨਾਂ ਦੀ ਗਲੀ ਵਿਚ ਆਉਣ ਤਾਂ ਲੋਕ ਵਾਹਨ ਕੋਲ ਭੀੜ ਨਾ ਇੱਕਠੀ ਕਰਨ। ਉਨਾਂ ਕਿਹਾ ਕਿ ਵਾਹਨ ਸਾਰੇ ਮੁਹੱਲਿਆਂ ਵਿਚ ਸਾਰੇ ਘਰਾਂ ਤੱਕ ਜਾਵੇਗਾ ਤੇ ਘਰ ਦੇ ਅੱਗੇ ਆਉਣ ‘ਤੇ ਹੀ ਵਾਹਨ ਤੋਂ ਦੁੱਧ ਪ੍ਰਾਪਤ ਕੀਤਾ ਜਾਵੇ।
ਉਧਰ ਵੇਰਕਾ ਦੇ ਜਨਰਲ ਮੈਨੇਜ਼ਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਪਹਿਲੇ ਦਿਨ ਜ਼ਿਲੇ ਵਿੱਚ 15 ਹਜ਼ਾਰ ਲੀਟਰ ਦੁੱਧ ਵੇਰਕਾ ਦੇ ਸਟਾਫ਼ ਨੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਸਪਲਾਈ ਕੀਤਾ ਹੈ। ਉਨਾਂ ਨੇ ਕਿਹਾ ਕਿ ਵੇਰਕਾ ਵਲੋਂ ਪੂਰੇ ਸ਼ਹਿਰ ਨੂੰ ਵੱਖ-ਵੱਖ ਸਕੈਟਰਾਂ ਵਿਚ ਵੰਡ ਕੇ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ।