Connect with us

Punjab

ਵਿਜੀਲੈਂਸ ਵੱਲੋਂ ਠੱਗੀਆਂ ਮਾਰਨ ਦੇ ਕੇਸ ਵਿੱਚ ਫਰਾਰ ਮਹਿਲਾ ਦੋਸ਼ੀ ਗ੍ਰਿਫ਼ਤਾਰ

Published

on

ਚੰਡੀਗੜ੍ਹ:

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡਰਾ ਧਮਕਾ ਕੇ ਪੈਸੇ ਉਗਰਾਹੁਣ ਸਬੰਧਤ ਇੱਕ ਮਾਮਲੇ ਵਿੱਚ ਭੋਲੀ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਸਾਲ ਤੋਂ ਉਪਰ ਫਰਾਰ ਚਲੀ ਆ ਰਹੀ ਸੀ। ਦੱਸਣਯੋਗ ਹੈ ਕਿ ਉਕਤ ਮਹਿਲਾ ਆਪਣੇ ਸਾਥੀਆਂ, ਜੋ ਪੁਲਿਸ ਮੁਲਾਜਮਾਂ ਦੀ ਵਰਦੀ ਪਾ ਕੇ ਪੈਸੇ ਉਗਰਾਹੁੰਦੇ ਸਨ, ਉਨਾ ਨਾਲ ਮਿਲ ਕੇ ਪ੍ਰਾਈਵੇਟ ਵਿਅਕਤੀਆਂ ਨੂੰ ਪੁਲਿਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਲੁੱਟਣ ਵਿੱਚ ਸ਼ਰੀਕ ਸੀ।

ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਗੁਰਦੀਪ ਸਿੰਘ ਵਾਸੀ ਪਿੰਡ ਮਾੜੀ ਬੁੱਚੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ‘ਤੇ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ 31-08-2021 ਨੂੰ ਆਈਪੀਸੀ ਦੀ ਧਾਰਾ 388, 389, 411, 179, 171, 120-ਬੀ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਜੋਤੀ ਵਾਸੀ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਵਾਸੀ ਹਾਥੀ ਖਾਨਾ ਜ਼ਿਲ੍ਹਾ ਕਪੂਰਥਲਾ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਆਪਣੇ ਆਪ ਨੂੰ ਸਹਾਇਕ ਸਬ-ਇੰਸਪੈਕਟਰ ਅਤੇ ਪੁਲੀਸ ਕਾਂਸਟੇਬਲ ਦੱਸ ਕੇ ਉਸ ਨੂੰ ਪੈਸੇ ਦੇਣ ਲਈ ਧਮਕਾ ਰਹੇ ਸਨ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਆਪਣੀ ਮਹਿਲਾ ਸਾਥੀ ਭੋਲੀ ਵਾਸੀ ਵੱਸਲ ਚੱਕ, ਜ਼ਿਲ੍ਹਾ ਗੁਰਦਾਸਪੁਰ ਨਾਲ ਮਿਲ ਕੇ ਉਸ ਦਾ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਵਾਪਸ ਕਰਨ ਬਦਲੇ 4 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਸ਼ੀ ਪਹਿਲਾਂ ਹੀ 5 ਹਜ਼ਾਰ ਰੁਪਏ ਨਕਦ ਅਤੇ 30 ਹਜ਼ਾਰ ਰੁਪਏ ਉਸਦੇ ਕਰੈਡਿਟ ਕਾਰਡ ਰਾਹੀਂ ਕਢਵਾ ਚੁੱਕੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਪਾਸੋਂ ਇਸ ਸਬੰਧ ਵਿੱਚ 50,000 ਰੁਪਏ ਦੀ ਮੰਗ ਕੀਤੀ ਸੀ ਅਤੇ ਵਿਜੀਲੈਂਸ ਬਿਊਰੋ ਨੇ ਉਸ ਵੇਲੇ ਉਕਤ ਦੋ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਪਰੋਕਤ ਮੁਲਜ਼ਮ ਔਰਤ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਟਿਕਾਣੇ ਬਦਲ ਕੇ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਹੀ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਵਿਅਕਤੀ ਪੁਲਿਸ ਦੀ ਵਰਦੀ ਪਾ ਕੇ ਪ੍ਰਾਈਵੇਟ ਵਿਅਕਤੀਆਂ ਤੋਂ ਪੈਸੇ ਲੁੱਟਦੇ ਸਨ ਅਤੇ ਦੋਸ਼ੀ ਔਰਤ ਇਸ ਵਿੱਚ ਉਨ੍ਹਾਂ ਦੀ ਮਦਦ ਕਰਦੀ ਸੀ।