Connect with us

Uncategorized

ਵਿਜੀਲੈਂਸ ਵੱਲੋਂ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇੰਟੈਲੀਜੈਂਸ ਵਿੰਗ ਦਾ ਸੀਨੀਅਰ ਇੰਟੈਲੀਜੈਂਸ ਸਹਾਇਕ ਗ੍ਰਿਫ਼ਤਾਰ

Published

on

b.k uppal

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਸੀਨੀਅਰ ਇੰਟੈਲੀਜੈਂਸ ਸਹਾਇਕ, ਜੋ ਮੌਜੂਦਾ ਸਮੇਂ ਸੀ.ਆਈ.ਡੀ. ਇਕਾਈ, ਲੁਧਿਆਣਾ ਵਿਖੇ ਤਾਇਨਾਤ ਹੈ, ਨੂੰ ਇੱਕ ਕੇਸ ਵਿੱਚ ਵਿਜੀਲੈਂਸ ਜਾਂਚ ਰੁਕਵਾਉਣ ਦੇ ਨਾਮ ਹੇਠ ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਇਹ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਇੰਟੈਲੀਜੈਂਸ ਵਿੰਗ, ਜਲੰਧਰ ਵਿਖੇ ਤਾਇਨਾਤ ਸੀਨੀਅਰ ਇੰਟੈਲੀਜੈਂਸ ਸਹਾਇਕ ਸੱਤਪਾਲ (ਨੰਬਰ 2736 / ਇੰਟੈਲਿਜੈਂਸ) ਨੂੰ, ਜੇ.ਐਸ.ਕੇ. ਲੌਜਿਸਟਿਕਸ ਨਾਮੀ ਫ਼ਰਮ ਦੇ ਭਾਈਵਾਲਾਂ ਤੋਂ ਉਂਨਾਂ ਖਿਲਾਫ ਚਲਦੀ ਵਿਜੀਲੈਂਸ ਜਾਂਚ ਰੁਕਵਾਉਣ ਦਾ ਲਾਰਾ ਲਾ ਕੇ ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।ਇਸ ਕੇਸ ਦੇ ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਭਾਈਵਾਲ ਜਲੰਧਰ ਵਿਖੇ ਜੇ.ਐਸ.ਕੇ. ਲੌਜਿਸਟਿਕਸ ਕੰਪਨੀ ਚਲਾ ਰਹੇ ਹਨ।

ਵਿਜੀਲੈਂਸ ਦੀ ਟੀਮ ਨੇ ਕਿਸੇ ਮਾਮਲੇ ਵਿੱਚ ਫ਼ਰਮ ਦੇ ਭਾਈਵਾਲ ਕੈਲਾਸ਼ ਚੰਦ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਜੇ.ਐਸ.ਕੇ. ਲੌਜਿਸਟਿਕਸ ਵਿਖੇ ਛਾਪਾ ਮਾਰਿਆ ਸੀ। ਇਸ ਮਾਮਲੇ ਵਿੱਚ, ਸੀਨੀਅਰ ਇੰਟੈਲੀਜੈਂਸ ਸਹਾਇਕ ਸੱਤਪਾਲ ਨੇ ਬੜੀ ਚਲਾਕੀ ਨਾਲ ਵਿਜੀਲੈਂਸ ਦਾ ਅਧਿਕਾਰੀ ਹੋਣ ਅਤੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨਾਲ ਸਬੰਧ ਹੋਣ ਦਾ ਵਿਖਾਵਾ ਕੀਤਾ ਅਤੇ ਵਿਜੀਲੈਂਜ ਜਾਂਚ ਰੁਕਵਾਉਣ ਅਤੇ ਇਸ ਮਾਮਲੇ ਵਿੱਚ ਸਹਾਇਤਾ ਕਰਨ ਲਈ ਜੇ.ਐਸ.ਕੇ. ਲੌਜਿਸਟਿਕਸ ਦੇ ਦੂਸਰੇ ਭਾਈਵਾਲ ਸੰਦੀਪ ਸ਼ਰਮਾ ਤੋਂ 3,00,000 ਰੁਪਏ ਦੀ ਮੰਗ ਕੀਤੀ।ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਤੋਂ ਡਰਦਿਆਂ ਜੇ.ਐਸ.ਕੇ. ਲੌਜਿਸਟਿਕਸ ਦੇ ਭਾਈਵਾਲ ਨੇ ਟਰਾਂਸਪੋਰਟ ਨਗਰ, ਜਲੰਧਰ ਦੇ ਗੇਟ `ਤੇ ਆਪਣੇ ਕੋਲ ਕੰਮ ਕਰਦੇ ਕਰਮਚਾਰੀ ਰਾਜੇਂਦਰ ਲੁਥਰਾ ਦੀ ਮੌਜੂਦਗੀ ਵਿੱਚ ਸੀਨੀਅਰ ਇੰਟੈਲੀਜੈਂਸ ਸਹਾਇਕ ਸਤਪਾਲ ਨੂੰ 3,00,000 ਦੀ ਰਿਸ਼ਵਤ ਦਿੱਤੀ।

ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਸੀਨੀਅਰ ਇੰਟੈਲੀਜੈਂਸ ਸਹਾਇਕ ਨੂੰ ਇਸ ਜਾਂਚ ਬਾਰੇ ਜਾਣਕਾਰੀ ਸੀ ਕਿ ਬਿਉਰੋ ਨੇ ਇਸ ਮਾਮਲੇ ਦੀ ਅੱਗੇ ਜਾਂਚ-ਪੜਤਾਲ ਕਰਨੀ ਸੀ। ਇਸ ਦਾ ਲਾਭ ਉਠਾਉਂਦਿਆਂ ਸੱਤਪਾਲ ਨੇ ਗਵਾਹ ਰਾਜੇਂਦਰ ਲੁਥਰਾ ਦੀ ਮੌਜੂਦਗੀ ਵਿਚ 3,00,000 ਰੁਪਏ ਦੀ ਰਿਸ਼ਵਤ ਲਈ।ਇਸ ਤਰ੍ਹਾਂ, ਸੀਨੀਅਰ ਇੰਟੈਲੀਜੈਂਸ ਸਹਾਇਕ ਸਤਪਾਲ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਵਿਜੀਲੈਂਸ ਬਿਊਰੋ ਦਾ ਅਧਿਕਾਰੀ ਹੋਣ ਦਾ ਝੂਠਾ ਦਿਖਾਵਾ ਕੀਤਾ, ਜੋ ਜਾਂਚ ਵਿਚ ਸਾਬਿਤ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀ ਇੰਟੈਲੀਜੈਂਸ ਸਹਾਇਤਕ ਖਿਲਾਫ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ, ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਆਈਪੀਸੀ ਦੀ ਧਾਰਾ 419 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।