Connect with us

Punjab

ਕੌਣ ਹਨ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ? ਦੁਬਾਰਾ ਦੋਸ਼ ਮੁਕਤ ਕਰਨ ਪਿੱਛੇ ਕੀ ਹੈ ਵਜ੍ਹਾ ?

Published

on

ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 21 ਮਈ 2025 ਨੂੰ ਦੋਸ਼ ਮੁਕਤ ਕੀਤਾ ਗਿਆ, ਕੌਣ ਹਨ ਤੇ ਬਾਦਲ ਦਲ ਵੱਲੋਂ ਕਿਉੰ ਇਨ੍ਹਾਂ ਦੇ ਹੱਕ ਵਿੱਚ ਖੜ੍ਹ ਕੇ ਤਖ਼ਤਾਂ ਵਿਚਾਲੇ ਟਕਰਾਓ ਪੈਦਾ ਕੀਤਾ ਗਿਆ ਹੈ? ਸਤੰਬਰ 2019 ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਤਖ਼ਤ ਪਟਨਾ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵਿਵਾਦਾਂ ਵਿੱਚ ਘਿਰਨ ਕਾਰਨ ਜਥੇਦਾਰੀ ਤੋਂ ਹਟਾ ਕੇ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਜਥੇਦਾਰ ਬਣਾਇਆ ਗਿਆ। 11 ਸਤੰਬਰ 2022 ਨੂੰ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਗੌਹਰ ਏ ਮਸਕੀਨ ਨੂੰ ਜਥੇਦਾਰੀ ਤੋਂ ਹਟਾ ਦਿੱਤਾ। ਇਨ੍ਹਾਂ ਨੂੰ ਜਥੇਦਾਰੀ ਤੋਂ ਇਸ ਲਈ ਹਟਾਇਆ ਗਿਆ ਕਿਉੰਕਿ ਇਨ੍ਹਾਂ ‘ਤੇ ਦੋਸ਼ ਲੱਗੇ ਸਨ ਕਿ ਇਨ੍ਹਾਂ ਨੇ ਇੱਕ ਸ਼ਰਧਾਲੂ ਵੱਲੋਂ ਤਖਤ ‘ਤੇ ਸੋਨਾ ਚੜ੍ਹਾਉਣ ਲਈ ਪੈਸੈ ਦਿੱਤੇ ਸਨ ਪਰ ਸੋਨਾ ਨਹੀਂ ਚੜ੍ਹਾਇਆ ਗਿਆ ਤੇ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ‘ਤੇ ਦੋਸ਼ ਲੱਗੇ ਕਿ ਉਨ੍ਹਾਂ ਨੇ ਪੈਸੇ ਦਾ ਗਬਨ ਕੀਤਾ। ਜਦੋਂ ਇਸ ਬਾਰੇ ਗਿਆਨੀ ਰਣਜੀਤ ਸਿੰਘ ਗੌਹਰ ਮਸਕੀਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਬਲਦੇਵ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਨੇ ਇੱਕ ਸਾਜ਼ਿਸ਼ ਅਧੀਨ ਉਨ੍ਹਾਂ ਨੂੰ ਫਸਾਇਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਗੁਰਵਿੰਦਰ ਸਿੰਘ ਸਮਰਾ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਮੈਨੂੰ 70 ਲੱਖ ਰੁਪਏ ਦਿੱਤੇ ਹਨ ਉਹ ਇੱਕ ਅਪਰਾਧੀ ਕਿਸਮ ਦਾ ਇਨਸਾਨ ਹੈ ਤੇ ਉਸ ਉੱਪਰ 40 ਤੋਂ ਵੱਧ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਨੇ ਮੈਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ ਤੇ 18 ਨਵੰਬਰ ਨੂੰ ਮੁੜ ਜਥੇਦਾਰ ਵਜੋਂ ਸੇਵਾਵਾਂ ਸੰਭਾਲਣ ਲਈ ਕਿਹਾ ਸੀ ਪਰ ਜਦੋਂ ਮੈਂ ਸੇਵਾ ਸੰਭਾਲਣ ਲਈ ਗਿਆ ਤਾਂ ਇਨ੍ਹਾਂ ਲੋਕਾਂ ਨੇ ਰੌਲਾ ਪਾ ਲਿਆ ਤੇ ਮੈਨੂੰ ਸੇਵਾ ਨਹੀਂ ਸੰਭਾਲਣ ਦਿੱਤੀ ਗਈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਾਂਚ ਕਮੇਟੀ ਵੱਲੋਂ ਦੋਸ਼ ਮੁਕਤ ਕੀਤੇ ਗਏ ਗੌਹਰ ਏ ਮਸਕੀshri aਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਨੇ ਦੋਬਾਰਾ ਦੋਸ਼ ਮੁਕਤ ਕਿਉੰ ਕੀਤਾ? ਹੁਣ ਇਸ ਮਾਮਲੇ ਨਾਲ ਤਖ਼ਤਾਂ ਵਿਚਾਲੇ ਟਕਰਾਓ ਪੈਦਾ ਹੋ ਚੁੱਕਾ ਹੈ। ਇਸ ਮਾਮਲੇ ਦਾ ਸੰਬੰਧ ਵੀ 2 ਦਸੰਬਰ 2024 ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਆਦੇਸ਼ਾਂ ਨਾਲ ਹੈ। ਉਸ ਦਿਨ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਤੋਂ ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਰਗੇ ਗੁਨਾਹ ਕਬੂਲ ਕਰਵਾਏ ਗਏ ਸਨ । ਇਸ ਮੌਕੇ ਹੀ ਇਨ੍ਹਾਂ ਦੋਸ਼ਾਂ ਤਹਿਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਫਖਰ ਏ ਕੌਮ ਦਾ ਐਵਾਰਡ ਵਾਪਸ ਲਿਆ ਗਿਆ। ਉਸ ਸਮੇਂ ਭਾਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਸਨ ਪਰ ਜ਼ਿਆਦਾ ਸਰਗਰਮੀ ਗਿਆਨੀ ਹਰਪ੍ਰੀਤ ਸਿੰਘ ਨੇ ਦਿਖਾਈ ਸੀ। ਇਹ ਸਮਝਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਾਰੇ ਘਟਨਾਕ੍ਰਮ ਲਈ ਸਬਕ ਸਿਖਾਉਣ ਦੀ ਠਾਣ ਲਈ ਸੀ। ਇਸ ਲਈਕੁੱਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਵਰਤਣਾ ਸ਼ੁਰੂ ਕੀਤਾ ਗਿਆ। ਗੌਹਰ ਏ ਮਸਕੀਨ ਨੇ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਰੱਜ ਕੇ ਆਲੋਚਨਾ ਕੀਤੀ। ਬਾਦਲਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨਤ ਕਰਕੇ ਸੇਵਾ ਮੁਕਤ ਕੀਤਾ ਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਸੀ।

ਉਸ ਤੋਂ ਥੋੜ੍ਹਾ ਸਮਾਂ ਬਾਅਦ ਹੀ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਕਰਨ ਬਦਲੇ 21 ਮਈ 2025 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋਸ਼ ਮੁਕਤ ਕਰ ਦਿੱਤਾ। ਇਸ ਫੈਸਲੇ ਦਾ ਸਖ਼ਤ ਨੋਟਿਸ ਲੈਂਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਫੈਸਲੇ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਫੈਸਲਿਆਂ ਦੀ ਉਲੰਘਣਾ ਦੱਸਿਆ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਦਖਲ ਦੱਸਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ ਅਤੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ ਪਰ ਪੇਸ਼ ਨਾ ਹੋਣ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰੇ ਚੈਲੇਂਜ ਕਰ ਸਕਦੇ ਹਨ? ਕੁੱਝ ਸਿੱਖ ਬੁੱਧੀਜੀਵੀ ਇਹ ਕਹਿੰਦੇ ਹਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਜਿਸ ਦੇ ਆਦੇਸ਼ਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਚੈਲੇਂਜ ਨਹੀਂ ਕਰ ਸਕਦੇ ਅਤੇ ਕੁੱਝ ਦਾ ਕਹਿਣਾ ਹੈ ਕਿ ਇਹ ਨਿਯਮ ਹੈ ਕਿ ਸਾਰੇ ਤਖ਼ਤਾਂ ਦੇ ਲੋਕਲ ਮਸਲੇ ਤਖ਼ਤ ਆਪਣੇ ਪੱਧਰ ‘ਤੇ ਸੁਲਝਾ ਸਕਦੇ ਹਨ। ਲੇਕਿਨ ਅਗਰ ਕੋਈ ਮਸਲਾ ਕਿਸੇ ਤਖ਼ਤ ਸਬੰਧੀ ਅਕਾਲ ਤਖਤ ਸਾਹਿਬ ਉੱਪਰ ਆਉਂਦਾ ਹੈ ਤਾਂ ਇਸ ਸਬੰਧੀ ਸਬੰਧਤ ਤਖ਼ਤ ਤੋਂ ਜਾਂਚ ਕੀਤੀ ਜਾਵੇਗੀ। ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਨੂੰ ਨਾ ਤਾਂ ਵਿਸ਼ਵਾਸ ਵਿੱਚ ਲਿਆ ਅਤੇ ਨਾ ਹੀ ਜਾਂਚ ਕਾਰਵਾਈ ਗਈ ਸਿੱਧਾ ਹੀ ਫ਼ੈਸਲਾ ਸੁਣਾ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸਭ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਨਿੰਦਾ ਕਰਨ ਦਾ ਇਨਾਮ ਦਿੱਤਾ ਗਿਆ ਹੈ ਭਾਵੇਂ ਇਸ ਤਰ੍ਹਾਂ ਕਰਕੇ ਤਖ਼ਤ ਬਨਾਮ ਤਖ਼ਤ ਦਾ ਮਸਲਾ ਬਣ ਗਿਆ ਹੈ।

ਕੁਲਵੰਤ ਸਿੰਘ ਗੱਗੜਪੁਰੀ