Connect with us

Punjab

ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ?

Published

on

ਕੀ ਨਵੇਂ ਬਣੇ ਅਕਾਲੀ ਦਲ ਦੇ ਧਾਰਮਿਕ ਵਿੰਗ ਦੇ ਆਗੂ ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਨਹੀਂ ਮੰਨਦੇ?ਬਿਲਕੁੱਲ ਇਹ ਸਵਾਲ ਆਮ ਲੋਕਾਂ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਇਹ ਗੱਲ ਲਗਭਗ ਸਪੱਸ਼ਟ ਵੀ ਹੈ। ਸਪੱਸ਼ਟ ਇਸ ਲਈ ਹੈ ਕਿ ਬੀਤੇ ਦਿਨੀਂ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਨਵੇਂ ਬਣੇ ਅਕਾਲੀ ਦਲ ਨੇ ਵੀ ਇੱਕ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਜੋ ਪੋਸਟਰ ਲਗਾਏ ਗਏ ਸਨ ਉਨ੍ਹਾਂ ਵਿੱਚ ਸੰਤ ਲੌਂਗੋਵਾਲ ਦੀ ਤਸਵੀਰ ਦੇ ਨਾਲ ਬੀਬੀ ਸਤਵੰਤ ਕੌਰ ਦੀ ਤਸਵੀਰ ਵੀ ਲਗਾਈ ਗਈ ਸੀ।

ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਗੱਲ ਉੱਪਰ ਬੀਬੀ ਸਤਵੰਤ ਕੌਰ ਨੇ ਇਤਰਾਜ਼ ਜਤਾਇਆ ਸੀ ਕਿ ਉਨ੍ਹਾਂ ਦੀ ਤਸਵੀਰ ਸੰਤ ਲੌਂਗੋਵਾਲ ਦੀ ਤਸਵੀਰ ਨਾਲ ਕਿਉੰ ਲਗਾਈ ਗਈ। ਬਰਸੀ ਸਮਾਗਮ ਵਿੱਚ ਵੀ ਸਤਵੰਤ ਕੌਰ ਗੈਰ ਹਾਜ਼ਰ ਰਹੇ। ਹੁਣ ਇਹ ਵੀ ਚਰਚਾ ਹੈ ਕਿ ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਨਹੀਂ ਮੰਨਦੇ। ਇਸ ਗੱਲ ਨੂੰ ਸਪੱਸ਼ਟ ਕਰਨ ਲਈ ਮੈਂ ਬੀਬੀ ਸਤਵੰਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਲੇਕਿਨ ਇਹ ਗੱਲ ਕਾਫ਼ੀ ਹੱਦ ਤੱਕ ਸਹੀ ਲੱਗਦੀ ਹੈ ਕਿ ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਨਹੀਂ ਮੰਨਦੇ। ਅੱਜ ਇਸ ਮੁੱਦੇ ਉੱਪਰ ਹੀ ਕੇਂਦਰਿਤ ਗੱਲਬਾਤ ਹੋਵੇਗੀ ਕਿ ਨਵੇਂ ਅਕਾਲੀ ਦਲ ਵਿੱਚ ਸ਼ੁਰੂ ਵਿੱਚ ਵੀ ਮੱਤਭੇਦ ਉੱਭਰਨ ਲੱਗ ਪਏ ਹਨ ਤਾਂ ਲੰਬੇਰਾ ਸਫਰ ਤੈਅ ਕਿਵੇਂ ਹੋਵੇਗਾ। ਨਾਲ ਹੀ ਇਹ ਵੀ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਕਿਉੰ ਨਹੀਂ ਮੰਨਦੇ? ਇਹ ਦੋਵੇਂ ਹੀ ਬਹੁਤ ਅਹਿਮ ਸਵਾਲ ਹਨ।

ਪਹਿਲੀ ਗੱਲ ਤਾਂ ਇਹ ਸਪੱਸ਼ਟ ਹੈ ਕਿ ਨਵੇਂ ਅਕਾਲੀ ਦਲ ਵਿੱਚ ਦੋ ਵਿਚਾਰਧਾਰਾਵਾਂ ਹਨ। ਇੱਕ ਨਰਮ ਖਿਆਲੀਆਂ ਦੀ ਅਤੇ ਦੂਜੀ ਗਰਮ ਖਿਆਲੀਆਂ ਦੀ। ਗਿਆਨੀ ਹਰਪ੍ਰੀਤ ਸਿੰਘ ਨਰਮ ਖਿਆਲੀ ਸੋਚ ਰੱਖਦੇ ਹਨ ਅਤੇ ਬੀਬੀ ਸਤਵੰਤ ਕੌਰ ਗਰਮ ਖਿਆਲੀ ਹਨ। ਇਸ ਲਈ ਆਉਣ ਵਾਲੇ ਸਮੇਂ ਵਿੱਚ ਨਵੇਂ ਅਕਾਲੀ ਦਲ ਨੂੰ ਸੂਬਾ ਪੱਧਰ ਦੀਆਂ ਨੀਤੀਆਂ ਤਿਆਰ ਕਰਨ ਵਿੱਚ ਸਮੱਸਿਆਵਾਂ ਦਰਪੇਸ਼ ਆਉਣਗੀਆਂ। ਅਗਰ ਨਵਾਂ ਅਕਾਲੀ ਦਲ ਆਪਣੀਆਂ ਨੀਤੀਆਂ ਲੋਕਾਂ ਨੂੰ ਸਪੱਸ਼ਟ ਨਹੀਂ ਕਰ ਪਾਏਗਾ ਤਾਂ ਪੰਜਾਬ ਦੇ ਲੋਕ ਕਿਵੇਂ ਨਾਲ ਜੁੜਨਗੇ? ਇਹ ਇੱਕ ਵੱਡੀ ਚੁਣੌਤੀ ਹੋਵੇਗੀ ਨਵੇਂ ਅਕਾਲੀ ਦਲ ਵਾਸਤੇ। ਅਜਿਹੇ ਵਿੱਚ ਵਿਰੋਧੀਆਂ ਨੂੰ ਨਵੇਂ ਅਕਾਲੀ ਦਲ ਦੀ ਆਲੋਚਨਾ ਕਰਨ ਦਾ ਅਹਿਮ ਮੁੱਦਾ ਮਿਲ ਜਾਵੇਗਾ।

ਦੂਜਾ ਸਵਾਲ ਕਿ ਆਖਿਰ ਬੀਬੀ ਸਤਵੰਤ ਕੌਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਕਿਉੰ ਨਹੀਂ ਮੰਨਦੇ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਆਨੰਦਪੁਰ ਸਾਹਿਬ ਦੇ ਮਤੇ ਅਤੇ ਰਾਜੀਵ ਲੌਂਗੋਵਾਲ ਸਮਝੌਤੇ ਬਾਰੇ ਜਾਣਨਾ ਹੋਵੇਗਾ। ਆਨੰਦਪੁਰ ਸਾਹਿਬ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ 16,17 ਅਕਤੂਬਰ 1973 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਗਿਆ। ਇਸੇ ਲਈ ਇਸਨੂੰ ਆਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਹੈ। ਇਸ ਮਤੇ ਵਿੱਚ ਕੇਂਦਰ- ਰਾਜ ਸਬੰਧਾਂ ਦੀ ਪੁਨਰ ਵਿਵਸਥਾ ਦੀ ਗੱਲ ਕੀਤੀ ਗਈ ਸੀ। ਮਤੇ ਵਿੱਚ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਦਾ ਅਧਿਕਾਰ ਸਿਰਫ ਵਿਦੇਸ਼ ਨੀਤੀ, ਰੱਖਿਆ, ਮੁਦਰਾ ਅਤੇ ਸੰਚਾਰ ਤੱਕ ਸੀਮਤ ਹੋਣਾ ਚਾਹੀਦਾ ਹੈ ਅਤੇ ਬਾਕੀ ਸਾਰੇ ਅਧਿਕਾਰ ਰਾਜ ਸਰਕਾਰਾਂ ਕੋਲ਼ ਹੋਣੇ ਚਾਹੀਦੇ ਹਨ। ਇਹ ਇੱਕ ਸੰਘੀ ਢਾਂਚੇ ਦੀ ਮੰਗ ਸੀ। ਇਸਦੇ ਨਾਲ ਹੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਪੰਜਾਬ ਦੇ ਨਾਲ ਲੱਗਦੇ ਰਾਜਾਂ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਅਤੇ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਦੀ ਮੰਗ ਵਰਗੀਆਂ ਕਈ ਅਹਿਮ ਮੰਗਾਂ ਸਨ। ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਧਰਮ ਯੁੱਧ ਮੋਰਚਾ ਵੀ ਲਗਾਇਆ। ਇਨ੍ਹਾਂ ਮੋਰਚਿਆਂ ਦੌਰਾਨ ਬੀਬੀ ਸਤਵੰਤ ਕੌਰ ਦੇ ਪਿਤਾ ਭਾਈ ਅਮਰੀਕ ਸਿੰਘ ਵੀ ਸ਼ਾਮਲ ਹੁੰਦੇ ਰਹੇ ਸਨ। ਹੁਣ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕੀ ਕੀਤਾ ਜਿਸ ਕਰਕੇ ਗਰਮ ਖਿਆਲੀ ਉਨ੍ਹਾਂ ਦੇ ਖਿਲਾਫ ਹੋ ਗਏ ਅਤੇ ਉਨ੍ਹਾਂ ਦਾ ਕਤਲ ਹੋ ਗਿਆ?

1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ। ਸਾਕਾ ਨੀਲਾ ਤਾਰਾ ਦੇ ਗੁੱਸੇ ਕਾਰਨ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ। ਉਸ ਪਿੱਛੋਂ ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਇਸੇ ਦੌਰਾਨ 24 ਮਈ 1985 ਨੂੰ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਾਲੇ ਇੱਕ ਸਮਝੌਤਾ ਹੋਇਆ ਜਿਸਨੂੰ ਰਾਜੀਵ ਲੌਂਗੋਵਾਲ ਸਮਝੌਤੇ ਦਾ ਨਾਮ ਦਿੱਤਾ ਗਿਆ। ਇਸ ਸਮਝੌਤੇ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਛੱਡ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਵਰਗੀਆਂ ਕੁੱਝ ਮੰਗਾਂ ਮੰਨਣ ਦੀ ਗੱਲ ਕੀਤੀ ਗਈ ਸੀ। ਗਰਮ ਖਿਆਲੀਆਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਇਸੇ ਕਰਕੇ ਹੀ ਖਾੜਕੂਆਂ ਨੇ ਸੰਤ ਹਰਚੰਦ ਲੌਂਗੋਵਾਲ ਦੀ ਹੱਤਿਆ ਕਰ ਦਿੱਤੀ। ਹੁਣ ਇਹੀ ਕਾਰਨ ਹੈ ਕਿ ਬੀਬੀ ਸਤਵੰਤ ਕੌਰ ਜੋ ਗਰਮ ਖਿਆਲੀ ਸੋਚ ਰੱਖਦੇ ਹਨ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਸੰਤ ਹਰਚੰਦ ਲੌਂਗੋਵਾਲ ਨੂੰ ਸ਼ਹੀਦ ਨਹੀਂ ਮੰਨਦੇ। ਇਸ ਤਰ੍ਹਾਂ ਨਵੇਂ ਅਕਾਲੀ ਦਲ ਲਈ ਇਹ ਵੱਡੀਆਂ ਚੁਣੌਤੀਆਂ ਹਨ ਕਿ ਉਹ ਦੋਹਰੀ ਵਿਚਾਰਧਾਰਾ ਨਾਲ ਕਿਵੇਂ ਚੱਲ ਪਾਏਗਾ। ਇੱਥੇ ਦੋਵਾਂ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ minimum ਸਾਂਝਾ ਪ੍ਰੋਗਰਾਮ ਲੈ ਅਜਿਹੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ ਜੋ ਸਰਵ ਪ੍ਰਵਾਨਿਤ ਹੋਣ। ਆਸ ਕਰਦੇ ਹਾਂ ਕਿ ਵੱਖ ਵੱਖ ਵਿਚਾਰਧਾਰਵਾਂ ਦੇ ਬਾਵਜੂਦ ਨਵੇਂ ਅਕਾਲੀ ਦਲ ਦੇ ਲੋਕ ਰਲ ਕੇ ਚੱਲਣਗੇ।

ਕੁਲਵੰਤ ਸਿੰਘ ਗੱਗੜਪੁਰੀ