Punjab
ਹੁਸ਼ਿਆਰਪੁਰ ‘ਚ ਵੱਡਾ ਹਾਦਸਾ, LPG ਟੈਂਕਰ ਪਲਟਣ ਕਾਰਨ ਹੋਇਆ ਧਮਾਕਾ
ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਸਥਿਤ ਪਿੰਡ ਮੰਡਿਆਲਾ ਨੇੜੇ, ਸ਼ੁੱਕਰਵਾਰ ਦੇਰ ਰਾਤ ਕਰੀਬ 10:30 ਵਜੇ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਐਲਪੀਜੀ ਨਾਲ ਭਰਿਆ ਟੈਂਕਰ ਪਲਟ ਗਿਆ। ਇਸ ਕਾਰਨ ਟੈਂਕਰ ਵਿੱਚ ਭਰੀ ਗੈਸ ਕਾਰਨ ਪੂਰਾ ਪਿੰਡ ਅੱਗ ਦੇ ਗੋਲੇ ਵਿੱਚ ਬਦਲ ਗਿਆ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਝੁਲਸੇ ਜਾਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਸਿਰਫ਼ 500 ਮੀਟਰ ਦੀ ਦੂਰੀ ‘ਤੇ ਇੱਕ ਗੈਸ ਪਲਾਂਟ ਹੈ। ਸ਼ੁਕਰ ਹੈ ਕਿ ਗੈਸ ਲੀਕ ਉੱਥੇ ਨਹੀਂ ਪਹੁੰਚੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਆਵਾਜਾਈ ਰੋਕ ਦਿੱਤੀ ਅਤੇ ਪਿੰਡ ਦੇ ਘਰਾਂ ਵਿੱਚ ਅੱਗ ਲੱਗਣ ਕਾਰਨ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਿਆ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਰੁੱਝੀਆਂ ਹੋਈਆਂ ਹਨ। ਇਸ ਦੇ ਨਾਲ ਹੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਦਸੂਹਾ, ਫਗਵਾੜਾ ਅਤੇ ਜਲੰਧਰ ਤੋਂ ਵਾਧੂ ਫਾਇਰ ਟੈਂਡਰ ਮੰਗਵਾਏ ਗਏ ਸਨ ਤਾਂ ਜੋ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਦੀ ਸਹਾਇਤਾ ਕੀਤੀ ਜਾ ਸਕੇ।
ਵੇਖਦਿਆਂ ਹੀ ਵੇਖਦਿਆਂ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ…ਤੇ ਪੂਰਾ ਪਿੰਡ ਇਸ ਦੀ ਲਪੇਟ ਵਿੱਚ ਆ ਗਿਆ ਤੇ ਅੱਗ ਦੇ ਗੋਲੇ ਵਿੱਚ ਬਦਲ ਗਿਆ। ਘਟਨਾ ਵਾਲੀ ਥਾਂ ਤੇ ਹੁਸ਼ਿਆਰਪੁਰ , ਆਦਮਪੁਰ ਏਅਰ ਫੋਰਸ, ਜਲੰਧਰ, ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਦੂਜੇ ਪਾਸੇ ਸਾਵਧਾਨੀ ਵਜੋਂ, ਹੁਸ਼ਿਆਰਪੁਰ ਜਲੰਧਰ ਕੌਮੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਝੁਲਸੇ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਪਹੁੰਚਿਆ ਗਿਆ।
ਘਟਨਾ ਦੀ ਸੂਚਨਾ ਮਿਲਣ ‘ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇ ਰਿਹਾ ਹੈ। ਕਿਸੇ ਵੀ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਾਈਵੇਅ ਦੇ ਰਸਤੇ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ, ਜਦੋਂ ਕਿ ਸਥਿਤੀ ਦੀ ਨਿਰੰਤਰ ਨਿਗਰਾਨੀ ਲਈ ਇੱਕ ਐਸਡੀਆਰਐਫ ਟੀਮ ਤਾਇਨਾਤ ਕੀਤੀ ਗਈ।
