Connect with us

Punjab

ਕਿਉਂ ਬਿਕਰਮ ਮਜੀਠੀਆ ‘ਤੇ ਪਿਆ ਵਿਜੀਲੈਂਸ ਦਾ ਛਾਪਾ? ਪੜ੍ਹੋ ਪੂਰੀ ਖ਼ਬਰ

Published

on

ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਗਰੀਨ ਐਵਨਿਊ ਵਿੱਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਉਨ੍ਹਾਂ ਨੂੰ ਅਗਲੇਰੀ ਕਾਰਵਾਈ ਵਾਸਤੇ ਆਪਣੇ ਨਾਲ ਲੈ ਗਈ ਹੈ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਅਕਾਲੀ ਵਰਕਰਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਲੈ ਕੇ ਮੁਹਾਲੀ ਲਈ ਰਵਾਨਾ ਹੋ ਗਈ ਹੈ।

ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਦਸਤਕ ਦਿੱਤੀ ਹੈ।ਵਿਜੀਲੈਂਸ ਦੀ ਟੀਮ ਨੇ ਅੱਜ ਪਹਿਲਾਂ ਅੰਮ੍ਰਿਤਸਰ ਵਿਚਲੀ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ। ਟੀਮ ਵਿੱਚ ਵਿਜੀਲੈਂਸ ਦੇ ਅੱਠ ਤੋਂ 10 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।

ਛਾਪਾ ਮਾਰਨ ਆਈ ਇਸ ਟੀਮ ਨੇ ਛਾਪੇ ਦੀ ਕਾਰਵਾਈ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਇਸ ਸਬੰਧ ਵਿੱਚ ਪੁਲਸ ਅਤੇ ਵਿਜੀਲੈਂਸ ਵਿਭਾਗ ਦੋਵਾਂ ਨੇ ਚੁੱਪ ਧਾਰੀ ਹੋਈ ਹੈ। ਪਰ ਜਾਣਕਾਰੀ ਮੁਤਾਬਿਕ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜਿਆ ਹੋਇਆ ਹੈ। ਬਿਕਰਮ ਮਜੀਠੀਆ ਉਤੇ ਜਾਇਦਾਦ ਤੋਂ ਵੱਧ ਆਮਦਨ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ’ਤੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਘਰ ਵਿੱਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਉਹ ਖੁਦ ਘਰ ਵਿੱਚ ਹਨ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਇਸ ਟੀਮ ਨੇ ਘਰ ਵਿੱਚ ਛਾਪੇਮਾਰੀ ਕੀਤੀ ਹੈ, ਜਿਸ ਦੀ ਅਗਵਾਈ ਵਿਜੀਲੈਂਸ ਵਿਭਾਗ ਦੇ ਐੱਸਐੱਸਪੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਬੰਧ ਵਿੱਚ ਦਰਜ ਕੇਸ ਵਿੱਚ ਜਦੋਂ ਉਨ੍ਹਾਂ ਖਿਲਾਫ਼ ਕੁਝ ਨਹੀਂ ਮਿਲਿਆ ਤਾਂ ਸਰਕਾਰ ਉਨ੍ਹਾਂ ਖਿਲਾਫ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ਦਾ ਯਤਨ ਕਰ ਰਹੀ ਹੈ।

ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਯਤਨ ਕਰ ਰਹੀ ਹੈ ਪਰ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ’ਤੇ ਗੱਲ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਗੱਲ ਕਰਦਾ ਰਹਾਂਗਾ। ਮੈਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੈ ਅਤੇ ਅੰਤ ਵਿੱਚ ਸੱਚਾਈ ਦੀ ਜਿੱਤ ਹੋਵੇਗੀ।’’ ਅਕਾਲੀ ਆਗੂ ਨੇ ਐਕਸ ’ਤੇ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਦੇ ਕੱਪੜਿਆਂ ਵਿੱਚ ਪੁਲੀਸ ਕਰਮਚਾਰੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਸ਼ਨਾਖਤ ਬਾਰੇ ਪੁੱਛ ਰਹੇ ਹਨ। ਮਜੀਠੀਆ ਆਪਣੇ ਸਹਿਯੋਗੀਆਂ ਨੂੰ ਇਸ ਸਾਰੀ ਕਾਰਵਾਈ ਦੀ ਵੀਡੀਓ ਬਣਾਉਣ ਬਾਰੇ ਵੀ ਆਖ ਰਹੇ ਹਨ।