Connect with us

Punjab

ਪਠਾਣਮਾਜਰਾ ਵੱਲੋਂ ਧਰਨੇ ਖਿਲਾਫ ਧਰਨੇ ਦੀ ਧਮਕੀ; ਚੰਦੂਮਾਜਰਾ ਨੇ ਮੁਲਤਵੀ ਕੀਤਾ ਧਰਨਾ

Published

on

ਪਟਿਆਲਾ ਦੇ ਹਲਕਾ ਸਨੌਰ ਵਿੱਚ ਇੱਕ ਦਿਲਚਸਪ ਘਟਨਕ੍ਰਮ ਵਾਪਰਿਆ ਜਦੋਂ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਧਰਨੇ ਖਿਲਾਫ ਧਰਨੇ ਦੀ ਧਮਕੀ ਦਿੱਤੀ ਤਾਂ ਸਾਬਕਾ ਵਿਧਾਇਕ ਅਤੇ ਸੁਧਾਰ ਲਹਿਰ ਅਕਾਲੀ ਦਲ ਦੇ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ 30 ਜੁਲਾਈ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੇਵੀਗੜ੍ਹ ਇਲਾਕੇ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਕੇਵਲ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਹੀ ਨਹੀਂ ਟੁੱਟੀਆਂ ਸਗੋਂ ਦੇਵੀਗੜ੍ਹ ਪਿਹੋਵਾ ਰੋਡ ਦਾ ਵੀ ਬਹੁਤ ਮਾੜਾ ਹਾਲ ਹੈ। ਇਨ੍ਹਾਂ ਸੜਕਾਂ ਦੀ ਮਾੜੀ ਹਾਲਤ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੀ ਨਹੀਂ ਸਗੋਂ ਇਸ ਇਲਾਕੇ ਦੀਆਂ ਸੜਕਾਂ ਦੀ ਸਾਰ ਕਦੇ ਕਿਸੇ ਵੀ ਸਰਕਾਰ ਨੇ ਨਹੀਂ ਲਈ। ਇਸ ਹਲਕੇ ਵਿੱਚ ਇਸ ਤੋਂ ਪਹਿਲਾਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨ ਤੇ ਉਦੋਂ ਸੜਕਾਂ ਦਾ ਹਾਲ ਇਸੇ ਤਰ੍ਹਾਂ ਹੀ ਸੀ। ਇਸ ਕਰਕੇ ਹੀ ਜਦੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਹ ਐਲਾਨ ਕੀਤਾ ਸੀ ਕਿ ਉਹ ਸੜਕਾਂ ਦੀ ਮਾੜੀ ਹਾਲਤ ਕਾਰਨ ਦੇਵੀਗੜ੍ਹ ਵਿਖੇ ਸਰਕਾਰ ਖਿਲਾਫ 30 ਜੁਲਾਈ ਨੂੰ ਧਰਨਾ ਦੇਣਗੇ ਤਾਂ ਧਰਨੇ ਦੀ ਤਰੀਕ ਤੋਂ ਕੁੱਝ ਦਿਨ ਪਹਿਲਾਂ ਹੀ ਹਲਕੇ ਦੇ MLA ਹਰਮੀਤ ਸਿੰਘ ਪਠਾਣਮਾਜਰਾ ਨੇ ਇਹ ਧਮਕੀ ਦੇ ਦਿੱਤੀ ਕਿ ਉਹ ਵੀ ਇਸੇ ਦਿਨ ਧਰਨਾ ਦੇ ਕੇ ਲੋਕਾਂ ਨੂੰ ਦੱਸਣਗੇ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਧਾਇਕ ਹੁੰਦਿਆਂ ਇਲਾਕੇ ਦਾ ਕਿੰਨਾ ਕੁ ਵਿਕਾਸ ਕਰਵਾਇਆ ਸੀ।ਪਠਾਣਮਾਜਰਾ ਦੇ ਇਸ ਐਲਾਨ ਮਗਰੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਧਰਨਾ ਮੁਲਤਵੀ ਕਰ ਦਿੱਤਾ ਹੈ। ਇਲਾਕੇ ਦੇ ਲੋਕਾਂ ਵਿੱਚ ਚਰਚਾ ਹੈ ਕਿ ਚੰਦੂਮਾਜਰਾ ਨੇ ਡਰਦਿਆਂ ਧਰਨਾ ਮੁਲਤਵੀ ਕੀਤਾ ਹੈ ਪਰ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਇਨ੍ਹਾਂ ਸੜਕਾਂ ਲਈ ਟੈਂਡਰ ਕੱਢ ਦਿੱਤੇ ਹਨ ਤਾਂ ਧਰਨਾ ਦੇਣ ਦੀ ਕੋਈ ਤੁਕ ਨਹੀਂ ਬਣਦੀ। ਲੇਕਿਨ,”ਯੇ ਪਬਲਿਕ ਹੈ ਸਭ ਜਾਨਤੀ ਹੈ।”

 

ਇਹ ਵੀ ਦੱਸ ਦਈਏ ਕਿ ਦੇਵੀਗੜ੍ਹ ਦਾ ਇਲਾਕਾ ਘੱਗਰ ਦਰਿਆ, ਟਾਂਗਰੀ ਨਦੀ ਅਤੇ ਮਾਰਕੰਡਾ ਦਰਿਆ ਵਿਚਾਲੇ ਘਿਰਿਆ ਹੋਇਆ ਹੈ ਅਤੇ ਹਰ ਸਾਲ ਹੜ੍ਹਾਂ ਨਾਲ ਇਸ ਖੇਤਰ ਵਿੱਚ ਵੱਸਦੇ ਲੋਕਾਂ ਦੀਆਂ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਉੱਥੇ ਸੜਕਾਂ ਟੁੱਟ ਜਾਂਦੀਆਂ ਹਨ ਅਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਹਲਕੇ ਵਿੱਚ ਸਭ ਤੋਂ ਵੱਧ ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਲਾਲ ਸਿੰਘ ਰਹੇ ਹਨ। ਇੱਕ ਵਾਰ ਅਕਾਲੀ ਦਲ ਦੇ ਹਰਮੇਲ ਸਿੰਘ ਟੌਹੜਾ ਅਤੇ ਇੱਕ ਵਾਰ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਇੱਥੋਂ ਦੇ ਵਿਧਾਇਕ ਰਹੇ ਹਨ। ਇੱਥੇ ਜ਼ਿਆਦਾਤਰ ਇੰਝ ਹੁੰਦਾ ਰਿਹਾ ਹੈ ਕਿ ਜਦੋਂ ਕਾਂਗਰਸ ਦਾ MLA ਬਣਦਾ ਤਾਂ ਸਰਕਾਰ ਅਕਾਲੀ ਦਲ ਦੀ ਹੁੰਦੀ ਸੀ ਤੇ ਜਦੋਂ ਅਕਾਲੀ ਦਲ ਦਾ MLA ਬਣਦਾ ਰਿਹਾ ਸੀ ਤਾਂ ਸਰਕਾਰ ਕਾਂਗਰਸ ਦੀ ਹੁੰਦੀ ਰਹੀ ਹੈ। ਵਿਧਾਇਕ ਇਹ ਬਹਾਨਾ ਲਗਾਉਂਦੇ ਰਹੇ ਕਿ ਸਾਡੀ ਸਰਕਾਰ ਨਹੀਂ ਹੈ ਇਸ ਲਈ ਇਲਾਕੇ ਦਾ ਵਿਕਾਸ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ। ਇਲਾਕੇ ਦੇ ਲੋਕ ਇਹ ਵੀ ਕਹਿੰਦੇ ਰਹੇ ਕਿ ਇਸ ਵਾਰ ਤੋਂ ਪਹਿਲਾਂ ਹਲਕੇ ਦੇ ਬਾਹਰੋਂ ਆਏ ਲੋਕ ਇੱਥੇ ਵਿਧਾਇਕ ਬਣਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਹਲਕੇ ਦੀਆਂ ਸਮੱਸਿਆਵਾਂ ਦਾ ਬਹੁਤਾ ਇਲਮ ਨਹੀਂ। ਇਸੇ ਕਰਕੇ ਇਸ ਵਾਰ ਲੋਕਾਂ ਨੇ ਆਪਣੇ ਇਲਾਕੇ ਦੇ ਵਿਅਕਤੀ ਨੂੰ ਵਿਧਾਇਕ ਬਣਾਇਆ ਹੈ ਅਤੇ ਲੋਕਾਂ ਨੂੰ ਇਸ ਵਿਧਾਇਕ ਤੋਂ ਬਹੁਤ ਉਮੀਦਾਂ ਹਨ ਪਰ ਹੁਣ ਤੱਕ ਕੋਈ ਬਹੁਤਾ ਫ਼ਰਕ ਨਹੀਂ ਪਿਆ। ਅਜੇ ਸਰਕਾਰ ਕੋਲ ਡੇਢ ਸਾਲ ਬਾਕੀ ਹੈ ਅਤੇ ਲੋਕ ਹਾਲੇ ਵੀ ਆਸਵੰਦ ਹਨ ਕਿ ਹਰਮੀਤ ਸਿੰਘ ਪਠਾਣਮਾਜਰਾ ਆਪਣੇ ਸ਼ਾਸਨ ਕਾਲ ਵਿੱਚ ਇਲਾਕੇ ਦਾ ਵਿਕਾਸ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕਰਨਗੇ। ਸੜਕਾਂ ਬਣਾਏ ਜਾਣ ਸਬੰਧੀ ਟੈਂਡਰ ਕੱਢੇ ਜਾ ਚੁੱਕੇ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਭਾਗ ਜਾਗਣ ਦੀ ਲੋਕ ਆਸ ਲਗਾਈ ਬੈਠੇ ਹਨ।

ਕੁਲਵੰਤ ਸਿੰਘ ਗੱਗੜਪੁਰੀ