Uncategorized
ਭਾਰਤੀ ਮਹਿਲਾ ਹਾਕੀ ਟੀਮ ਨੇ ਜਪਾਨ ਨੂੰ 2-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-0 ਨਾਲ ਹਰਾ ਕੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਫਾਈਨਲ ‘ਚ ਟੀਮ ਇੰਡੀਆ ਦਾ ਸਾਹਮਣਾ ਚੀਨ ਨਾਲ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 3-1 ਨਾਲ ਹਰਾਇਆ ਸੀ। ਇਹ ਚੈਂਪੀਅਨਸ ਟਰਾਫੀ ਟੂਰਨਾਮੈਂਟ ਰਾਜਗੀਰ, ਬਿਹਾਰ ਵਿੱਚ ਖੇਡਿਆ ਜਾ ਰਿਹਾ ਹੈ ਅਤੇ ਭਾਰਤ ਬਨਾਮ ਚੀਨ ਦਾ ਫਾਈਨਲ ਮੈਚ 20 ਨਵੰਬਰ ਨੂੰ ਖੇਡਿਆ ਜਾਵੇਗਾ। ਜਾਪਾਨ ਵਿਰੁੱਧ ਰੋਮਾਂਚਕ ਸੈਮੀਫਾਈਨਲ ਮੈਚ ਵਿੱਚ ਨਵਨੀਤ ਕੌਰ ਅਤੇ ਲਾਲਰੇਮਸਿਆਮੀ ਨੇ ਆਖਰੀ ਕੁਆਰਟਰ ਵਿੱਚ ਇੱਕ-ਇੱਕ ਗੋਲ ਕਰਕੇ ਭਾਰਤੀ ਟੀਮ ਦੀ ਜਿੱਤ ਯਕੀਨੀ ਬਣਾਈ।
ਇਹ ਸੈਮੀਫਾਈਨਲ ਮੈਚ ਇੰਨਾ ਰੋਮਾਂਚਕ ਸੀ ਕਿ ਪਹਿਲੇ ਤਿੰਨ ਕੁਆਰਟਰ 15-15 ਮਿੰਟ ਤੱਕ ਗੋਲ ਰਹਿਤ ਰਹੇ ਪਰ ਆਖਰੀ 15 ਮਿੰਟਾਂ ‘ਚ ਜਾਪਾਨੀ ਟੀਮ ਦਬਾਅ ‘ਚ ਢਹਿ ਗਈ। ਆਖਰੀ ਕੁਆਰਟਰ ਸ਼ੁਰੂ ਹੋਣ ਦੇ 2 ਮਿੰਟ ਬਾਅਦ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਨਵਨੀਤ ਕੌਰ ਨੇ ਗੋਲ ਵਿੱਚ ਬਦਲ ਕੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ। ਮੈਚ ਖ਼ਤਮ ਹੋਣ ਵਿੱਚ ਸਿਰਫ਼ 4 ਮਿੰਟ ਬਾਕੀ ਸਨ, ਜਦੋਂ 56ਵੇਂ ਮਿੰਟ ਵਿੱਚ ਲਾਲਰੇਮਸਿਆਮੀ ਨੇ ਜਾਪਾਨੀ ਗੋਲਕੀਪਰ ਨੂੰ ਚਕਮਾ ਦੇ ਕੇ ਗੋਲ ਕਰਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ।