Connect with us

Punjab

ਚਰਨਜੀਤ ਸਿੰਘ ਚੰਨੀ ਦੇਣਗੇ ਅਸਤੀਫ਼ਾ! ਹਾਈ ਕਮਾਂਡ ਦੀ ਜ਼ਿੱਦ ਕਾਰਨ ਟੁੱਟ ਸਕਦੀ ਏ ਪੰਜਾਬ ਕਾਂਗਰਸ?

Published

on

ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਅਜਿਹੇ ਮੋੜ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ, ਜਿੱਥੇ ਪਾਰਟੀ ਦੀ ਇਕਜੁੱਟਤਾ ‘ਤੇ ਹੀ ਸਵਾਲ ਖੜ੍ਹੇ ਹੋਣ ਲੱਗੇ ਹਨ। ਕਾਂਗਰਸ ਦੇ ਅੰਦਰੂਨੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਜੇਕਰ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਨੇ ਨੂੰ ਲੈ ਕੇ ਆਪਣਾ ਰਵੱਈਆ ਨਾ ਬਦਲਿਆ ਤਾਂ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਭਾਵੇਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਲਗਾਤਾਰ ਤੇਜ਼ ਹੋ ਰਹੀ ਹੈ।
ਪੰਜਾਬ ਕਾਂਗਰਸ ਦੇ ਕਈ ਆਗੂਆਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨ ਦੀ ਲੋੜ ਹੈ। ਕੁਝ ਆਗੂ ਖੁੱਲ੍ਹੇ ਤੌਰ ‘ਤੇ ਇਹ ਮੰਗ ਕਰ ਰਹੇ ਹਨ ਕਿ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਇਆ ਜਾਵੇ। ਦੂਜੇ ਪਾਸੇ ਹਾਈ ਕਮਾਂਡ ਨੇ ਹੁਣ ਤੱਕ ਵੜਿੰਗ ‘ਤੇ ਹੀ ਭਰੋਸਾ ਜਤਾਇਆ ਹੈ ਅਤੇ ਲੀਡਰਸ਼ਿਪ ਵਿੱਚ ਤਬਦੀਲੀ ਦੇ ਕੋਈ ਸੰਕੇਤ ਨਹੀਂ ਦਿੱਤੇ।
ਕੁਝ ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਇਸ ਖਿੱਚੋਤਾਣ ਦਾ ਸਿੱਧਾ ਅਸਰ ਪਾਰਟੀ ਦੇ ਜਨਾਧਾਰ ‘ਤੇ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਕਾਂਗਰਸ ਕੁਝ ਮਹੀਨੇ ਪਹਿਲਾਂ ਸੱਤਾ ਦੀ ਮਜ਼ਬੂਤ ਦਾਅਵੇਦਾਰ ਦਿਖਾਈ ਦੇ ਰਹੀ ਸੀ, ਉਹ ਹੁਣ ਅੰਦਰੂਨੀ ਟਕਰਾਅ ਕਾਰਨ ਕਮਜ਼ੋਰ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਿਆਸੀ ਅੰਦਾਜ਼ੇ ਹਨ ਅਤੇ ਚੁਣਾਵੀ ਨਤੀਜਿਆਂ ਤੋਂ ਪਹਿਲਾਂ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਕੁਝ ਦਿਨ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਆਗੂਆਂ ਨੂੰ ਦਿੱਲੀ ਬੁਲਾ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਹਦਾਇਤ ਦਿੱਤੀ ਸੀ। ਮੀਟਿੰਗ ਤੋਂ ਬਾਅਦ ਭਾਵੇਂ ਬਾਗੀ ਸੁਰਾਂ ਵਿੱਚ ਕੁਝ ਸਮੇਂ ਲਈ ਨਰਮੀ ਆਈ, ਪਰ ਸਿਆਸੀ ਨਿਰੀਖਕਾਂ ਦਾ ਮੰਨਣਾ ਹੈ ਕਿ ਅੰਦਰੂਨੀ ਮਤਭੇਦ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ। ਕਈ ਆਗੂ ਅਜੇ ਵੀ ਵੱਖ-ਵੱਖ ਧੜਿਆਂ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ।
ਭਾਰਤੀ ਰਾਜਨੀਤੀ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਵੱਡੀਆਂ ਪਾਰਟੀਆਂ ਵਿੱਚ ਅੰਦਰੂਨੀ ਖਿੱਚੋਤਾਣ ਲੰਬੇ ਸਮੇਂ ਤੱਕ ਚੱਲਦੀ ਹੈ ਤਾਂ ਉਸਦਾ ਫਾਇਦਾ ਵਿਰੋਧੀ ਧਿਰ ਨੂੰ ਮਿਲਦਾ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੀ ਵੱਡੀ ਟੁੱਟ ਅਤੇ ਬਾਅਦ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਵਿੱਚ ਹੋਈ ਫੁੱਟ ਨੇ ਸੂਬੇ ਦੀ ਰਾਜਨੀਤੀ ਦਾ ਪੂਰਾ ਸਮੀਕਰਨ ਬਦਲ ਦਿੱਤਾ। ਇਨ੍ਹਾਂ ਘਟਨਾਵਾਂ ਤੋਂ ਬਾਅਦ ਭਾਜਪਾ ਸੱਤਾ ਦੇ ਸਮੀਕਰਨਾਂ ਵਿੱਚ ਮਜ਼ਬੂਤ ਸਥਿਤੀ ਵਿੱਚ ਆਈ। ਦੂਜੇ ਪਾਸੇ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਕਈ ਨੇਤਾ ਪਾਰਟੀ ਵਿੱਚ ਸ਼ਾਮਲ ਵੀ ਹੋਏ। ਲੇਕਿਨ ਇਹ ਕਹਿਣਾ ਕਿ ਕਿਸੇ ਵੀ ਸੂਬੇ ਵਿੱਚ ਸਿਰਫ਼ ਅੰਦਰੂਨੀ ਕਲੇਸ਼ ਹੀ ਸੱਤਾ ਬਦਲ ਦਿੰਦਾ ਹੈ, ਹਮੇਸ਼ਾਂ ਸਹੀ ਨਹੀਂ ਹੁੰਦਾ।
ਪੰਜਾਬ ਵਿੱਚ ਵੀ ਕੁਝ ਸਿਆਸੀ ਮਾਹਿਰ ਇਹ ਦਲੀਲ ਦਿੰਦੇ ਹਨ ਕਿ ਜੇਕਰ ਕਾਂਗਰਸ ਦਾ ਅੰਦਰੂਨੀ ਸੰਕਟ ਲੰਮਾ ਖਿੱਚਦਾ ਹੈ ਤਾਂ ਇਸਦਾ ਸਭ ਤੋਂ ਵੱਧ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ। ਦੂਜੇ ਪਾਸੇ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਕੋਈ ਅਜਿਹਾ ਫ਼ੈਸਲਾ ਲੈ ਸਕਦੀ ਹੈ ਜੋ ਪਾਰਟੀ ਨੂੰ ਮੁੜ ਇਕਜੁੱਟ ਕਰ ਦੇਵੇ।
ਫਿਲਹਾਲ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਚਰਨਜੀਤ ਸਿੰਘ ਚੰਨੀ ਸੱਚਮੁੱਚ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਜਾਂ ਇਹ ਸਿਰਫ਼ ਸਿਆਸੀ ਦਬਾਅ ਬਣਾਉਣ ਦੀ ਰਣਨੀਤੀ ਹੈ। ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਹੀ ਮਿਲੇਗਾ। ਪਰ ਇੱਕ ਗੱਲ ਸਪੱਸ਼ਟ ਹੈ ਕਿ ਜੇਕਰ ਕਾਂਗਰਸ ਆਪਣਾ ਅੰਦਰੂਨੀ ਵਿਵਾਦ ਜਲਦੀ ਨਹੀਂ ਸੁਲਝਾਉਂਦੀ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਨੁਕਸਾਨ ਹੋ ਸਕਦਾ ਹੈ ਅਤੇ ਵਿਰੋਧੀ ਪਾਰਟੀਆਂ ਇਸ ਦਾ ਸਿਆਸੀ ਲਾਭ ਉਠਾਉਣ ਦੀ ਕੋਸ਼ਿਸ਼ ਕਰਨਗੀਆਂ।

 

-ਕੁਲਵੰਤ ਸਿੰਘ ਗੱਗੜਪੁਰੀ

Continue Reading