Connect with us

Punjab

ਕਦੇ ਪੰਜਾਬ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਤੂਤੀ ਬੋਲਦੀ ਸੀ !

Published

on

ਬੀਤੀ 25 ਜੂਨ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸਰੋਤਾਂ ਤੋਂ ਵੱਧ ਪੈਸਾ ਇਕੱਠਾ ਕਰਨ ਦੇ ਦੋਸ਼ਾਂ ਵਿੱਚ ਅਤੇ ਡਰੱਗ ਮਨੀ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਅਕਾਲੀ ਦਲ ਦਾ ਸਮਾਂ ਮਾੜਾ ਚੱਲ ਰਿਹਾ ਹੈ ਅਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਦਾ ਸਮਾਂ ਤਾਂ ਬੇਹੱਦ ਬੁਰਾ ਚੱਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਵੱਡੇ ਵੱਡੇ ਅਕਾਲੀ ਆਗੂ ਛੱਡ ਕੇ ਬਾਗ਼ੀ ਹੋ ਚੁੱਕੇ ਹਨ ਤੇ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਫ਼ਿਰ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਮੰਗੀ ਗਈ ਤੇ ਫ਼ਿਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਅਲੱਗ ਥਲੱਗ ਨਜ਼ਰ ਆ ਰਹੇ ਹਨ। ਇਨ੍ਹਾਂ ਦੋਨਾਂ ਵੱਡੇ ਅਕਾਲੀ ਆਗੂਆਂ ਦੀ ਹਾਲਤ ਅੱਜ ਕੱਲ ਤਰਸਯੋਗ ਲੱਗ ਰਹੀ ਹੈ ਕਦੇ ਇਨ੍ਹਾਂ ਦੀ ਪੰਜਾਬ ਵਿੱਚ ਤੂਤੀ ਬੋਲਦੀ ਸੀ। ਸੁਖਬੀਰ ਸਿੰਘ ਬਾਦਲ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਨਾਮੀ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਵਿਖੇ ਹੋਇਆ। ਸੁਖਬੀਰ ਨੇ ਮੁਢਲੀ ਸਿੱਖਿਆ ਲਾਰੈਂਸ ਸਕੂਲ ਸਨਾਵਰ ਤੋਂ ਕੀਤੀ ਤੇ MBA ਦੀ ਡਿਗਰੀ ਕੈਲੀਫੋਰਨੀਆ ਸਟੇਟ ਯੂਨਿਵਰਸਿਟੀ ਤੋਂ ਕੀਤੀ। ਸੁਖਬੀਰ ਬਾਦਲ ਪਹਿਲੀ ਵਾਰ 1996 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤੇ ਤੇ ਕੇਂਦਰ ਵਿੱਚ ਮੰਤਰੀ ਵੀ ਰਹੇ। 2009 ਤੋਂ 2017 ਤੱਕ ਦੋ ਵਾਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਰਹੇ।2008 ਤੋਂ 2024 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਮੁੜ 2025 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ। ਹੁਣ ਝਾਤ ਮਾਰਦੇ ਹਾਂ ਹਾਂ ਬਿਕਰਮ ਸਿੰਘ ਮਜੀਠੀਆ ਦੇ ਮੁਢਲੇ ਜੀਵਨ’ਤੇ। ਮਜੀਠੀਆ ਦਾ ਜਨਮ 1 ਮਾਰਚ 1975 ਨੂੰ ਸ. ਸਤਿਆਜੀਤ ਸਿੰਘ ਮਜੀਠੀਆ ਦੇ ਗ੍ਰਹਿ ਵਿਖੇ ਹੋਇਆ। ਇਨ੍ਹਾਂ ਨੇ ਵੀ ਆਪਣੀ ਮੁਢਲੀ ਸਿੱਖਿਆ ਲਾਰੈਂਸ ਸਕੂਲ ਸਨਾਵਰ ਤੋਂ ਹਾਸਲ ਕੀਤੀ। ਮਜੀਠੀਆ ਦਾ ਸਿਆਸੀ ਕੈਰੀਅਰ 2007 ਤੋਂ ਆਰੰਭ ਹੋਇਆ ਜਦੋਂ ਉਨ੍ਹਾਂ ਨੇ ਮਜੀਠਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ।

 

ਉਸ ਤੋਂ ਬਾਅਦ ਮਜੀਠੀਆ ਨੇ 2012 ਵਿੱਚ ਮੁੜ ਮਜੀਠਾ ਹਲਕੇ ਤੋਂ ਚੋਣ ਜਿੱਤੀ। ਮਜੀਠੀਆ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ। ਉਨ੍ਹਾਂ ਦੇ ਮੰਤਰੀ ਹੋਣ ਦੇ ਸਮੇਂ ਦੀ ਹੀ ਸਰੋਤਾਂ ਤੋਂ ਵੱਧ ਸੰਪੱਤੀ ਦਾ ਮਾਮਲਾ ਉਨ੍ਹਾਂ ਉੱਪਰ ਦਰਜ਼ ਹੋਇਆ ਹੈ।2007 ਤੋਂ 2017 ਤੱਕ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੋਵਾਂ ਜੀਜੇ ਸਾਲ਼ੇ ਦੀ ਤੂਤੀ ਬੋਲਦੀ ਸੀ ਪੰਜਾਬ ਅੰਦਰ। ਬਿਕਰਮ ਮਜੀਠੀਆ ਦੇ ਅਧੀਨ ਵਿਦਿਆਰਥੀਆਂ ਦੀ ਜਥੇਬੰਦੀ SOI ਬੜੀ ਸਰਗਰਮੀ ਨਾਲ ਕੰਮ ਕਰਦੀ ਰਹੀ। ਇਨ੍ਹਾਂ ‘ਤੇ ਇਹ ਦੋਸ਼ ਵੀ ਲੱਗਦੇ ਰਹੇ ਕਿ ਇਨ੍ਹਾਂ ਨੇ ਪੂਰੇ ਪੰਜਾਬ ਦੀਆਂ ਸਾਰੀਆਂ ਟੀਵੀ ਕੇਬਲਾਂ ‘ਤੇ ਕਬਜਾ ਕਰਕੇ ਆਪਣੀ ਫਾਸਟ ਵੇਅ ਕੇਬਲ ਬਣਾਈ ਅਤੇ ਟੀਵੀ ਚੈਨਲਾਂ ਦੇ ਮਾਲਕਾਂ ਤੋਂ ਵੱਡੀਆਂ ਰਕਮਾਂ ਲੈ ਕੇ ਚੈਨਲ ਚਲਾਏ ਜਾਣ ਲੱਗੇ। ਬਾਦਲ ਪਰਿਵਾਰ ਦੀਆਂ ਬੱਸਾਂ ਬਿਨਾਂ ਪਰਮਿਟ ਤੋਂ ਚਲਾਉਣ ਦੇ ਦੋਸ਼, ਦੂਜੀਆਂ ਪ੍ਰਾਈਵੇਟ ਬੱਸਾਂ ਨਾਲ ਧੱਕਾ ਕਰਨ ਦੇ ਦੋਸ਼, ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਵੀ ਸ਼ਰ੍ਹੇਆਮ ਦੋਸ਼ ਲਗਾਉਂਦੇ ਹਨ ਕਿ ਇਨ੍ਹਾਂ ਲੋਕਾਂ ਵੱਲੋਂ ਧੱਕੇ ਨਾਲ ਲੋਕਾਂ ਦੇ ਹੋਟਲਾਂ ਤੇ ਢਾਬਿਆਂ ਵਿੱਚ ਹਿੱਸੇਦਾਰੀ ਪਾਈ ਜਾਂਦੀ ਰਹੀ ਹੈ। ਮਜੀਠੀਆ ਅਤੇ ਸੁਖਬੀਰ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਇੱਕ ਆਡੀਓ ਵਾਇਰਲ ਕਰਕੇ ਹੀ ਭਗਵੰਤ ਮਾਨ lime light ਵਿੱਚ ਆਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਚੈਨਲ ਇਨ੍ਹਾਂ ਖ਼ਿਲਾਫ਼ ਖਬਰ ਨਹੀਂ ਸੀ ਚਲਾਉਂਦਾ , ਅਜਿਹਾ ਕਰਨ ਦੀ ਸੂਰਤ ਵਿੱਚ ਚੈਨਲ ਨੂੰ ਕੇਬਲ ਨੈੱਟਵਰਕ ਤੋਂ ਉਤਾਰ ਦਿੱਤਾ ਜਾਂਦਾ ਸੀ ਤੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਦੇ ਦੋਸ਼ ਹੀ ਅਖ਼ਬਾਰਾਂ ਦੇ ਸੰਬੰਧ ਵਿੱਚ ਵੀ ਲੱਗਦੇ ਰਹੇ ਹਨ।ਕੋਈ ਪੱਤਰਕਾਰ ਡਰਦਾ ਇਨ੍ਹਾਂ ਖ਼ਿਲਾਫ਼ ਖ਼ਬਰ ਲਗਾਉਣ ਦੀ ਜੁਰਅੱਤ ਨਹੀਂ ਸੀ ਕਰਦਾ। ਮੈਨੂੰ ਯਾਦ ਹੈ ਕਿ ਦੇਵੀਗੜ੍ਹ ਨੇੜਲੇ ਇੱਕ ਪਿੰਡ ਵਿੱਚ ਇੱਕ ਦਲਿਤ ਔਰਤ ਨਾਲ ਇੱਕ ਅਕਾਲੀ ਵਰਕਰ ਨੇ ਬਲਾਤਕਾਰ ਕੀਤਾ ਸੀ ਪਰ ਪਰਚਾ ਦਰਜ ਕੀਤੇ ਜਾਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਨਹੀਂ ਸੀ ਕੀਤਾ ਗਿਆ। ਜਦੋਂ ਇੱਕ ਟੀਵੀ ਪੱਤਰਕਾਰ ਨੇ ਖਬਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮਜੀਠੀਆ ਦਾ ਨਾਮ ਲੈ ਕੇ SOI ਦੇ ਲੜਕਿਆਂ ਵੱਲੋਂ ਸਿੱਟੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਵੀ ਦੋਸ਼ ਲੱਗਦੇ ਰਹੇ ਕਿ ਪਟਿਆਲਾ ਜ਼ਿਲ੍ਹੇ ਦੇ ਦੋ ਯੂਥ ਅਕਾਲੀ ਆਗੂਆਂ ਵੱਲੋਂ ਮਜੀਠੀਆ ਦੀ ਸ਼ਹਿ ‘ਤੇ ਜ਼ਮੀਨਾਂ ਉੱਪਰ ਕਬਜ਼ੇ ਕੀਤੇ ਜਾਂਦੇ ਰਹੇ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਕਮਾਈ ਵਾਲੀਆਂ ਸਾਰੀਆਂ ਸਰਕਾਰੀ ਪੋਸਟਾਂ ਵੇਚੀਆਂ ਜਾਂਦੀਆਂ ਸਨ। ਬਾਦਲਾਂ ‘ਤੇ ਪੰਜਾਬ ਵਿੱਚ ਅਤੇ ਚੌਟਾਲਿਆਂ ‘ਤੇ ਹਰਿਆਣਾ ਵਿੱਚ ਲੋਕਾਂ ਨਾਲ ਧੱਕਾ ਕਰਨ, ਵਪਾਰਕ ਅਦਾਰਿਆਂ ਵਿੱਚ ਧੱਕੇ ਨਾਲ ਹਿੱਸੇ ਪਾਉਣ ਦੇ ਦੋਸ਼ ਆਮ ਲੱਗਦੇ ਰਹੇ ਹਨ ਅਤੇ ਦੋਵੇਂ ਪਰਿਵਾਰ ਇਸ ਸਮੇਂ ਸਿਆਸਤ ਵਿੱਚੋਂ ਮਨਫੀ ਹੁੰਦੇ ਨਜ਼ਰ ਆ ਰਹੇ ਹਨ । ਹੁਣ ਜਦੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਂਵੇਂ ਸਰਕਾਰ ਦੀ ਆਲੋਚਨਾ ਕੀਤੀ ਪਰ ਨਾਲ ਹੀ ਮਜੀਠੀਆ ਬਾਰੇ ਕਿਹਾ ਕਿ ਜੋ ਇਨ੍ਹਾਂ ਲੋਕਾਂ ਨੇ ਬੀਜਿਆ ਉਹ ਵੱਢ ਰਹੇ ਹਨ। ਬਿਲਕੁੱਲ ਅਸੀਂ ਜੋ ਬੀਜਦੇ ਹਾਂ ਓਹੀ ਸਾਨੂੰ ਵੱਢਣਾ ਪੈਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ,”ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥”

 

ਕੁਲਵੰਤ ਸਿੰਘ ਗੱਗੜਪੁਰੀ