National
ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਸ਼ੇਰਾਂ ਦੇ ਪਿੰਜਰੇ ‘ਚ ਵੜਿਆ ਪ੍ਰੇਮੀ !
ਚਿੜੀਆਘਰ ਦੇ ਇਕ ਸੰਚਾਲਕ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿਚ ਆਪਣੀ ਹੀ ਮੌਤ ਦੀ ਵੀਡੀਓ ਰਿਕਾਰਡ ਕਰ ਲਈ, ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ। ਇਹ ਮਾਮਲਾ ਉਜ਼ਬੇਕਿਸਤਾਨ ਦੇ ਇਕ ਪ੍ਰਾਈਵੇਟ ਚਿੜੀਆਘਰ ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 44 ਸਾਲਾ ਐਫ ਇਰੀਸਕੁਲੋਵ ਇੱਕ ਨਿੱਜੀ ਚਿੜੀਆਘਰ ਵਿੱਚ ਗਾਰਡ ਸਨ। ਉਜ਼ਬੇਕਿਸਤਾਨ ਦੇ ਲਾਇਨ ਪਾਰਕ ਵਿੱਚ ਉਹ ਸਵੇਰੇ 5 ਵਜੇ ਸ਼ੇਰ ਦੇ ਪਿੰਜਰੇ ਕੋਲ ਪੁੱਜੇ ਅਤੇ ਤਾਲਾ ਖੋਲ੍ਹ ਕੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਮੋਬਾਈਲ ਵਿਚ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਭੇਜ ਸਕਣ।
ਵੀਡੀਓ ਵਿਚ ਇਰੀਸਕੁਲੋਵ ਨੂੰ ਵਾਰ-ਵਾਰ ਸ਼ੇਰਾਂ ਵਿੱਚੋਂ ਇੱਕ ਦਾ ਨਾਮ ਪੁਕਾਰਦਿਆਂ ਸੁਣਿਆ ਜਾ ਸਕਦਾ ਹੈ, “ਸਿੰਬਾ… ਸਿੰਬਾ, ਚੁੱਪ ਹੋ ਜਾਓ।” ਸ਼ੇਰ ਸ਼ੁਰੂ ਵਿੱਚ ਬਹੁਤ ਸ਼ਾਂਤ ਸਨ ਅਤੇ ਗਾਰਡ ਨੂੰ ਆਪਣੇ ਵੱਲ ਆਉਂਦੇ ਹੋਏ ਦੇਖ ਰਹੇ ਸਨ ਪਰ ਕੁਝ ਸਮੇਂ ਬਾਅਦ ਸ਼ੇਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਚਿੜੀਆਘਰ ਦੇ ਹੋਰ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੌਤ ਹੋ ਗਈ। ਇਰੀਸਕੁਲੋਵ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਜਿਸ ਵੀਡੀਓ ਨੂੰ ਬਣਾ ਰਹੇ ਸੀ, ਉਸੇ ਵੀਡੀਓ ਵਿੱਚ ਉਨ੍ਹਾਂ ਦੀ ਮੌਤ ਕੈਦ ਹੋ ਗਈ। ਵਾਇਰਲ ਹੋ ਰਹੀ ਫੁਟੇਜ ਵਿੱਚ ਗਾਰਡ ਨੂੰ ਚੀਕਦੇ ਹੋਏ ਸੁਣਿਆ ਜਾ ਸਕਦਾ ਹੈ।