Punjab
ਬਾਗ਼ੀ ਅਕਾਲੀਆਂ ਦੀ ਨਵੀਂ ਪਾਰਟੀ ਲਈ ਸੌਖਾ ਨਹੀਂ ਹੋਵੇਗਾ ਸਫਰ; ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ!
ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਆਉਣ ਜਾ ਰਿਹਾ ਹੈ ਨਵੀਂ ਖ਼ੇਤਰੀ ਪਾਰਟੀ ਬਣਨ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਕਈ ਸੀਨੀਅਰ ਨੇਤਾ 11 ਅਗਸਤ ਨੂੰ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਰਹੇ ਹਨ। ਇਸ ਪਾਰਟੀ ਲਈ ਸਫਰ ਸੌਖਾ ਨਹੀਂ ਹੋਵੇਗਾ ਕਿਉਕਿ ਚੁਣੌਤੀਆਂ ਬਹੁਤ ਹਨ।
ਨਵੀਂ ਪਾਰਟੀ ਬਣਾਉਣ ਦੀ ਲੋੜ ਕਿਉੰ ਪਈ? ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁੱਝ ਦਹਾਕਿਆਂ ਤੋਂ ਹੌਲ਼ੀ ਹੌਲ਼ੀ ਆਪਣੀ ਸ਼ਾਖ ਗਵਾ ਬੈਠਾ ਹੈ। ਅਕਾਲੀ ਦਲ ਦੀ ਸ਼ਾਖ ਡਿੱਗਣ ਅਤੇ ਪ੍ਰਮੁੱਖ ਅਕਾਲੀ ਆਗੂਆਂ ਦੇ ਬਾਗ਼ੀ ਹੋਣ ਦੇ ਵੱਡੇ ਕਾਰਨ ਹਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ, ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣਾ,
ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਦੀ ਭੂਮਿਕਾ, ਕੇਂਦਰ ਨਾਲ ਸਾਥ, ਪਰਿਵਾਰਵਾਦ ਅਤੇ ਕਈ ਅੰਦਰੂਨੀ ਗ਼ਲਤ ਨੀਤੀਆਂ। ਇਸ ਕਰਕੇ ਲੋਕਾਂ ਦੀ ਨਾਰਾਜ਼ਗੀ ਇੰਨੀ ਵਧ ਗਈ ਸੀ ਕਿ 2017 ਤੋਂ ਹੁਣ ਤੱਕ ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਹਨ। ਇਸੇ ਦਾ ਨਤੀਜਾ ਹੈ ਕਿ ਕਈ ਸੀਨੀਅਰ ਅਤੇ ਆਦਰਸ਼ਵਾਦੀ ਅਕਾਲੀ ਨੇਤਾਵਾਂ ਨੇ ਪਾਰਟੀ ਨੂੰ ਛੱਡ ਕੇ ਸੱਚੀ ਅਕਾਲੀ ਲਹਿਰ ਨੂੰ ਮੁੜ ਜਗਾਉਣ ਦਾ ਫੈਸਲਾ ਕੀਤਾ ਹੈ ਪਰ ਕੀ ਇਹ ਸਫਰ ਸੌਖਾ ਹੋਵੇਗਾ?ਬਿਲਕੁਲ ਨਹੀਂ।ਇਹ ਸਫਰ ਔਕੜਾਂ ਭਰਿਆ ਹੋਵੇਗਾ ਕਿਉਂਕਿ ਚੁਣੌਤੀਆਂ ਬਹੁਤ ਹਨ।
ਵਿਚਾਰਧਾਰਕ ਭਰੋਸਾ ਮੁੜ ਬਣਾਉਣਾ ਔਖਾ ਹੈ – ਜਦ ਲੋਕਾਂ ਦਾ ਭਰੋਸਾ ਇੱਕ ਵਾਰ ਟੁੱਟ ਜਾਂਦਾ ਹੈ, ਤਾਂ ਉਨ੍ਹਾਂ ਨੂੰ ਮੁੜ ਜੋੜਨਾ ਸੌਖਾ ਨਹੀਂ ਹੁੰਦਾ। ਇਸਦੇ ਨਾਲ ਹੀ ਅਕਾਲੀ ਦਲ ਬਾਦਲ ਦੇ ਸਮਰਥਕ ਹਾਲੇ ਕਾਫੀ ਗਿਣਤੀ ਵਿੱਚ ਮੌਜੂਦ ਹਨ। ਨਵੀਂ ਪਾਰਟੀ ਨੂੰ ਇੱਕ ਵੱਖਰੀ ਪਛਾਣ ਬਣਾਉਣੀ ਪਵੇਗੀ। ਇਸ ਪਾਰਟੀ ਲਈ ਰਵਾਇਤੀ ਪਾਰਟੀਆਂ ਵੀ ਵੱਡੀ ਚੁਣੌਤੀ ਹਨ ਜਿਵੇਂ ਕਿ ਅਕਾਲੀ ਦਲ ਬਾਦਲ ਦੇ ਇਲਾਵਾ AAP, ਕਾਂਗਰਸ, BJP ਨਾਲ ਮੁਕਾਬਲਾ ਕਰਨਾ ਪਵੇਗਾ ਜਿਨ੍ਹਾਂ ਦਾ ਕੇਡਰ ਬਹੁਤ ਵਿਸ਼ਾਲ ਹੈ।
ਅਕਾਲੀ ਦਲ ਬਾਦਲ ਦਾ ਧਾਰਮਿਕ ਸੰਗਠਨਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਨਾਲ ਸਬੰਧ ਸਗੋਂ ਇਹ ਕਹਿਣਾ ਵਧੇਰੇ ਸਹੀ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਪਰ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਿੱਖ ਸਿਆਸਤ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਹਨ। ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਦੀ ਵਰਤੋਂ ਅਕਾਲੀ ਦਲ ਬਾਦਲ ਦਲ ਵੱਲੋਂ ਚੋਣਾਂ ਦੌਰਾਨ ਕੀਤੀ ਜਾਂਦੀ ਹੈ। ਨਵੇਂ ਅਕਾਲੀ ਦਲ ਨੂੰ ਚੋਣਾਂ ਲਈ ਫੰਡ ਜੁਟਾਉਣੇ ਵੀ ਇੱਕ ਵੱਡੀ ਚੁਣੌਤੀ ਹੋਵੇਗੀ। ਲੋਕ ਹਿੱਤਾਂ ਵਿੱਚ ਨੀਤੀਆਂ ਬਣਾਉਣੀਆਂ ਪੈਣਗੀਆਂ।ਨੀਤੀਆਂ ਅਤੇ ਨੈਤਿਕਤਾ ਪੰਜਾਬ ਦੇ ਲੋਕਾਂ ਉੱਪਰ ਪ੍ਰਭਾਵ ਪਾਉਂਦੀਆਂ ਹਨ। ਖਾਸ ਕਰਕੇ।ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਲਈ ਕੀ ਨੀਤੀਆਂ ਲਿਆਉਂਦੀ ਹੈ ਇਹ ਪਾਰਟੀ ਇਹ ਗੱਲ ਪਾਰਟੀ ਦੀ ਮਜਬੂਤੀ ਲਈ ਵੱਡਾ ਰੋਲ ਅਦਾ ਕਰੇਗੀ। ਪੰਜਾਬ ਦੀਆਂ ਲਟਕਦੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਮੋਰਚੇ ਲਗਾਉਂਦਾ ਰਿਹਾ ਹੈ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨੀ ਪਵੇਗੀ। ਜਿਵੇਂ ਆਨੰਦਪੁਰ ਸਾਹਿਬ ਦਾ ਮਤਾ, ਚੰਡੀਗੜ੍ਹ ਪੰਜਾਬ ਨੂੰ ਦਿਵਾਉਣਾ, ਪਾਣੀਆਂ ਦਾ ਮਸਲਾ, ਸਿੱਖਾਂ ਦੀ ਵੱਖਰੀ ਹੋਂਦ, ਪਾਣੀਆਂ ਦਾ ਮਸਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਕਿਸਾਨਾਂ ਦੇ ਮਸਲੇ। ਇਨ੍ਹਾਂ ਸਾਰੇ ਮਸਲਿਆਂ ਲਈ ਆਵਾਜ਼ ਉਠਾਉਣੀ ਇੱਕ ਵੱਡੀ ਚੁਣੌਤੀ ਹੋਵੇਗੀ। ਪੁਰਾਣੇ ਅਕਾਲੀ ਦਲ ਦੀਆਂ ਪਰਿਵਾਰਵਾਦ ਅਤੇ ਮਾਫ਼ੀਆ ਨਾਲ ਸਬੰਧਾਂ ਵਰਗੀਆਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ। ਅਗਰ ਸਭ ਕੁੱਝ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਹੈ ਤਾਂ ਇਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ “ਕਲੋਨ” ਹੋਵੇਗੀ ਅਸਲ ਵਿਕਲਪ ਨਹੀਂ ਹੋਵੇਗੀ। ਅਸਲ ਵਿਕਲਪ ਬਣਨ ਲਈ ਅਕਾਲੀ ਦਲ ਸੁਧਾਰ ਲਹਿਰ ਨੂੰ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਸਮਝਣਾ ਪਵੇਗਾ ਅਤੇ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਛੇੜਨਾ ਪਵੇਗਾ।
ਅੰਤ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਇਹ ਸ਼ੁਰੂਆਤ ਹੈ, ਲੇਕਿਨ ਮੰਜ਼ਿਲ ਦੂਰ ਹੈ
11 ਅਗਸਤ ਨੂੰ ਨਵੀਂ ਪਾਰਟੀ ਦਾ ਐਲਾਨ ਇੱਕ ਇਤਿਹਾਸਕ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ, ਪਰ ਇਹ ਸਿਰਫ਼ ਸ਼ੁਰੂਆਤ ਹੋਵੇਗੀ। ਜੇਕਰ ਇਹ ਪਾਰਟੀ ਸੱਚਮੁੱਚ ਆਦਰਸ਼ਵਾਦ, ਸਿੱਖ ਨੀਤੀਆਂ ਅਤੇ ਲੋਕ-ਹਿਤ ਦੇ ਮੂਲ ਮੰਤਰਾਂ ਨਾਲ ਅੱਗੇ ਵਧੇਗੀ, ਤਾਂ ਇਹ ਪੰਜਾਬ ਦੀ ਰਾਜਨੀਤਿਕ ਧਾਰਾ ਨੂੰ ਹਿਲਾ ਸਕਦੀ ਹੈ। ਪਰ ਜੇ ਇਹ ਵੀ ਸਿਰਫ਼ ਨਾਅਰਿਆਂ, ਚਿਹਰਿਆਂ,ਪਰਿਵਾਰਵਾਦ ਅਤੇ ਗੁੱਟਬਾਜ਼ੀ ਦਾ ਸ਼ਿਕਾਰ ਹੁੰਦੀ ਰਹੀ,ਤਾਂ ਇਹ ਵੀ ਹਵਾ ਹੋ ਜਾਏਗੀ।
ਫਿਰ ਵੀ ਸੁਧਾਰ ਲਹਿਰ ਦਾ ਨਿਸ਼ਾਨਾ ਲੈ ਕੇ ਚੱਲਣਾ ਇੱਕ ਸ਼ਲਾਘਾਯੋਗ ਕਦਮ ਹੈ। ਸਾਡੀਆਂ ਸ਼ੁੱਭ ਕਾਮਨਾਵਾਂ ਨਵੀਂ ਬਣਨ ਜਾ ਰਹੀ ਪਾਰਟੀ ਦੇ ਨਾਲ ਹਨ।

-ਕੁਲਵੰਤ ਸਿੰਘ ਗੱਗੜਪੁਰੀ
