National
ਮਹਾਕੁੰਭ ਮੇਲੇ ‘ਚ ਸ਼ਰਧਾਲੂਆਂ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਬਣ ਰਿਹਾ ਹਸਪਤਾਲ

PRAYAGRAJ: ਮਹਾਕੁੰਭ ਮੇਲੇ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਪਰੇਡ ਗਰਾਊਂਡ ਵਿੱਚ 100 ਬਿਸਤਰਿਆਂ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਏਮਜ਼ ਰਾਏਬਰੇਲੀ ਅਤੇ ਆਰਮੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੌਰਵ ਦੂਬੇ ਨੇ ਦੱਸਿਆ ਕਿ ਮਹਾਂਕੁੰਭ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
100 ਬਿਸਤਰਿਆਂ ਦਾ ਬਣਾਇਆ ਜਾ ਰਿਹਾ ਹੈ ਹਸਪਤਾਲ….
ਪ੍ਰਾਪਤ ਜਾਣਕਾਰੀ ਮੁਤਾਬਕ ਪਰੇਡ ਗਰਾਊਂਡ ਵਿਖੇ 100 ਬਿਸਤਰਿਆਂ ਵਾਲੇ ਹਸਪਤਾਲ ਦਾ ਕੰਮ ਲਗਭਗ 70 ਫੀਸਦੀ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਜਿੱਥੇ 24 ਘੰਟੇ ਡਾਕਟਰ ਤਾਇਨਾਤ ਰਹਿਣਗੇ ਉੱਥੇ ਓ.ਪੀ.ਡੀ ਦੀ ਸਮਰੱਥਾ ਅਨੁਸਾਰ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਵੱਖਰੇ ਵਾਰਡ ਬਣਾਏ ਜਾ ਰਹੇ ਹਨ। ਦੂਬੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਮੈਟਰਨਟੀ ਰੂਮ, ਐਮਰਜੈਂਸੀ ਵਾਰਡ ਅਤੇ ਡਾਕਟਰਾਂ ਦੇ ਕਮਰੇ ਦੇ ਨਾਲ-ਨਾਲ ਟੈਸਟਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਵਿਸ਼ੇਸ਼ ਸਹੂਲਤਾਂ ਵਾਲੇ 20-20 ਬਿਸਤਰਿਆਂ ਵਾਲੇ 8 ਛੋਟੇ ਹਸਪਤਾਲ ਵੀ ਤਿਆਰ ਕੀਤੇ ਜਾ ਰਹੇ ਹਨ।